ਪ੍ਰਨੀਤ ਕੌਰ ਨੂੰ ਕਾਂਗਰਸ ਨੇ ਕੀਤਾ ਮੁਅੱਤਲ

0
73

Punjab Junction Weekly Newspaper / 4 February 2023

ਪੱਖ ਰੱਖਣ ਲਈ ਦਿੱਤਾ 3 ਦਿਨਾਂ ਦਾ ਸਮਾਂ
ਨਵੀਂ ਦਿੱਲੀ,

ਲੰਮੇ ਸਮੇਂ ਤੋਂ ਕਾਂਗਰਸ ‘ਚ ਹਾਸ਼ੀਏ ‘ਤੇ ਚੱਲ ਰਹੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਭਾਜਪਾ ਦੀ ਮੱਦਦ ਲਈ ਕੀਤੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ | ਪਾਰਟੀ ਨੇ ਪ੍ਰਨੀਤ ਕੌਰ ਨੂੰ ਆਪਣਾ ਪੱਖ ਰੱਖਣ ਲਈ 3 ਦਿਨਾਂ ਦਾ ਸਮਾਂ ਦਿੱਤਾ ਹੈ | ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਬਾਰੇ ਕਮੇਟੀ (413) ਦੇ ਮੈਂਬਰ ਤਾਰਿਕ ਅਨਵਰ ਨੇ ਇਸ ਸੰਬੰਧ ‘ਚ ਇਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਜਾਣਕਾਰੀ ਦਿੱਤੀ | ਪਾਰਟੀ ਵਲੋਂ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਕੈਪਟਨ ਜੋਕਿ ਪਹਿਲਾਂ ਹੀ ਭਾਜਪਾ ‘ਚ ਸ਼ਾਮਿਲ ਹੋ ਚੁੱਕੇ ਹਨ, ਦੇ ਮਹਾਰਾਸ਼ਟਰ ਦੇ ਰਾਜਪਾਲ ਬਣਾਏ ਜਾਣ ਦੀ ਚਰਚਾ ਜ਼ੋਰਾਂ ‘ਤੇ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਸਾਲ ਅਗਸਤ ‘ਚ ਹੀ ਪ੍ਰਨੀਤ ਕੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦਾ ਇਲਜ਼ਾਮ ਲਾਉਂਦਿਆਂ ਹਾਈਕਮਾਨ ਕੋਲ ਸ਼ਿਕਾਇਤ ਭੇਜੀ ਸੀ | ਤਾਰਿਕ ਅਨਵਰ ਵਲੋਂ ਜਾਰੀ ਰਿਲੀਜ਼ ‘ਚ ਵੜਿੰਗ ਤੋਂ ਇਲਾਵਾ ਹੋਰ ਕਾਂਗਰਸੀ ਆਗੂਆਂ ਵਲੋਂ ਮਿਲੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ ਗਿਆ | ਅਨਵਰ ਨੇ ਸ਼ੁੱਕਰਵਾਰ ਨੂੰ ਜਾਰੀ ਰਿਲੀਜ਼ ‘ਚ ਕਿਹਾ ਕਿ ਪ੍ਰਨੀਤ ਕੌਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦੀਆਂ ਸ਼ਿਕਾਇਤਾਂ ‘ਤੇ ਬਾਅਦ ਮੁਅੱਤਲ ਕੀਤਾ ਗਿਆ ਹੈ | ਤਾਰਿਕ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਕਾਂਗਰਸੀ ਨੇਤਾਵਾਂ ਨੇ ਵੀ ਸ਼ਿਕਾਇਤ ਕੀਤੀ ਸੀ | ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਵਲੋਂ ਇਸ ‘ਤੇ ਲੋੜੀਂਦੀ ਕਾਰਵਾਈ ਲਈ ਅਨੁਸ਼ਾਸਨੀ ਕਾਰਵਾਈ ਬਾਰੇ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਵੜਿੰਗ ਨੇ 30 ਅਗਸਤ, 2022 ਨੂੰ ਕਾਂਗਰਸੀ ਨੇਤਾਵਾਂ ਦੇ ਨਾਲ ਮੀਟਿੰਗ, ਜਿਸ ‘ਚ ਮੌਜੂਦਾ ਵਿਧਾਇਕ, ਸੰਸਦ ਮੈਂਬਰ ਅਤੇ ਫਰਵਰੀ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰ ਸ਼ਾਮਿਲ ਸਨ, ‘ਚ ਪ੍ਰਨੀਤ ਕੌਰ ਨੂੰ ਰਸਮੀ ਤੌਰ ‘ਤੇ ਪਾਰਟੀ ਤੋਂ ਮੁਅੱਤਲ ਕਰਨ ਲਈ ਮਤਾ ਪਾਸ ਕੀਤਾ ਸੀ | ਉਸ ਵੇਲੇ ਪ੍ਰਨੀਤ ਕੌਰ ਨੇ ਇਸ ਮਤੇ ਨੂੰ ਬੇਬੁਨਿਆਦ ਕਹਿ ਕੇ ਖਾਰਜ ਕਰਦਿਆਂ ਕਿਹਾ ਸੀ ਕਿ ਵੜਿੰਗ ਉਸ ਨੂੰ ਮੁਅੱਤਲ ਕਰਨ ਵਾਲਾ ਕੌਣ ਹੁੰਦਾ ਹੈ | ਪ੍ਰਨੀਤ ਕੌਰ ਨੂੰ ਲੈ ਕੇ ਸਖ਼ਤ ਕਾਰਵਾਈ ਕਰਨ ਦਾ ਹਾਈਕਮਾਨ ‘ਤੇ ਲੰਮੇ ਸਮੇਂ ਤੋਂ ਦਬਾਅ ਸੀ ਹਾਲ ‘ਚ ਮੁਕੰਮਲ ਹੋਈ ‘ਭਾਰਤ ਜੋੜੇ ਯਾਤਰਾ’ ਦੇ ਪੰਜਾਬ ਦੌਰੇ ਦੌਰਾਨ ਵੀ ਪਾਰਟੀ ਨੇਤਾਵਾਂ ਨੇ ਇਹ ਮੁੱਦਾ ਰਾਹੁਲ ਗਾਂਧੀ ਅੱਗੇ ਚੁੱਕਿਆ ਸੀ | ਪਾਰਟੀ ਹਲਕਿਆਂ ਮੁਤਾਬਿਕ ਪ੍ਰਨੀਤ ਕੌਰ ਦੀ ਮੁਅੱਤਲੀ ਨਾਲ ਉਨ੍ਹਾਂ ਨੇਤਾਵਾਂ ਨੂੰ ਵੀ ਸਖ਼ਤ ਸੰਦੇਸ਼ ਜਾਏਗਾ ਜੋ ਪਾਰਟੀ ਲਾਈਨ ਤੋਂ ਹਟ ਕੇ ਬਿਆਨਬਾਜ਼ੀ ਕਰਦੇ ਹਨ | ਇਸ ਤੋਂ ਪਹਿਲਾਂ ਨਵੰਬਰ 2021 ‘ਚ ਪਾਰਟੀ ਨੇ ਪਟਿਆਲਾ ਤੋਂ ਚਾਰ ਵਾਰ ਦੀ ਸੰਸਦ ਮੈਂਬਰ ਨੂੰ ਉਸ ਦੇ ਕਥਿਤ ਤੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ | ਪ੍ਰਨੀਤ ਕੌਰ ਨੇ ਭਾਜਪਾ ‘ਚ ਸ਼ਾਮਿਲ ਹੋ ਚੁੱਕੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ‘ਚ ਬਿਆਨ ਦਿੱਤਾ ਸੀ | ਕਾਂਗਰਸ ਨੇ ਪ੍ਰਨੀਤ ਕੌਰ ਨੂੰ 3 ਦਿਨਾਂ ਦਾ ਸਮਾਂ ਦਿੰਦਿਆਂ ਇਸ ‘ਤੇ ਜਵਾਬ ਦੇਣ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਤੋਂ ਕਿਉਂ ਨਾ ਕੱਢਿਆ ਜਾਏ | ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀ ਚਰਚਾ ਜ਼ੋਰਾਂ ‘ਤੇ ਹੈ | ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵਲੋਂ ਅਹੁਦਾ ਛੱਡਣ ਦੀ ਪੇਸ਼ਕਸ਼ ਤੋਂ ਬਾਅਦ ਕੈਪਟਨ ਦਾ ਨਾਂਅ ਅੱਗੇ ਆ ਰਿਹਾ ਹੈ | ਹਾਲਾਂਕਿ ਕੈਪਟਨ ਨੇ ਆਪਣੇ ਤੌਰ ‘ਤੇ ਰਾਜਪਾਲ ਬਣਨ ਦੀਆਂ ਖ਼ਬਰਾਂ ‘ਤੇ ਹਾਮੀ ਨਹੀਂ ਭਰੀ, ਪਰ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੂੰ ਜੋ ਵੀ ਭੂਮਿਕਾ ਦਿੱਤੀ ਜਾਵੇਗੀ, ਉਹ ਪ੍ਰਵਾਨ ਕਰਨਗੇ |

Chief Editor- Jasdeep Singh  (National Award Winner)