ਦਿੱਲੀ ਸ਼ਰਾਬ ਘੁਟਾਲੇ ‘ਚ ਕੇਜਰੀਵਾਲ ਦਾ ਨਾਂਅ ਆਇਆ ਸਾਹਮਣੇ

0
71

Punjab Junction Weekly Newspaper / 4 February 2023

ਈ.ਡੀ. ਵਲੋਂ ਦੋਸ਼ ਪੱਤਰ ਦਾਖ਼ਲ
ਨਵੀਂ ਦਿੱਲੀ,

ਦਿੱਲੀ ਦੇ ਸ਼ਰਾਬ ਘੁਟਾਲੇ ‘ਚ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂਅ ਸਾਹਮਣੇ ਆਇਆ ਹੈ | ਈ.ਡੀ. ਨੇ ਦਿੱਲੀ ਦੇ ਮੁੱਖ ਮੰਤਰੀ ‘ਤੇ ਸ਼ਰਾਬ ਘੁਟਾਲੇ ਦੇ ਦੋਸ਼ੀਆਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਹੈ | ਇਸ ਮਾਮਲੇ ‘ਚ ਈ.ਡੀ. ਨੇ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ | ਜਿਸ ‘ਚ ਮੁੱਖ ਮੰਤਰੀ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ-ਨਾਲ ਉਨ੍ਹਾਂ ਦੇ ਨੇੜਲੇ ਸਾਥੀ ਵਿਜੇ ਨਾਇਰ ਵੀ ਦੋਸ਼ੀ ਹਨ | ਹਾਲਾਂਕਿ ਮੁੱਖ ਮੰਤਰੀ ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਏਜੰਸੀ ਵਲੋਂ ਦਾਇਰ ਕੀਤੇ ਗਏ ਮਾਮਲੇ ਫ਼ਰਜ਼ੀ ਹਨ ਅਤੇ ਉਨ੍ਹਾਂ ਦਾ ਉਦੇਸ਼ ਉਨ੍ਹਾਂ ਦੀ ਸਰਕਾਰ ਨੂੰ ਡੇਗਣਾ ਹੈ | ਉਧਰ ਈ.ਡੀ. ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਦੋਸ਼ ਪੱਤਰ ਸਿਸੋਦੀਆ ਦੇ ਸਕੱਤਰ ਸੀ. ਅਰਵਿੰਦ ਦੇ ਰਿਕਾਰਡ ਬਿਆਨਾਂ ਦੇ ਆਧਾਰ ‘ਤੇ ਦਾਖ਼ਲ ਕੀਤਾ ਗਿਆ ਹੈ | ਪੀ. ਐਮ. ਐਲ. ਏ. ਅਦਾਲਤ ਨੇ ਬੀਤੇ ਦਿਨ ਦੋਸ਼ ਪੱਤਰ ਦਾ ਨੋਟਿਸ ਲੈ ਲਿਆ ਅਤੇ ਸਾਰੇ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਆਗਿਆ ਦੇ ਦਿੱਤੀ ਹੈ | ਦੋਸ਼ ਪੱਤਰ ਵਿਜੇ ਨਾਇਰ, ਇੰਡੋਸਪਿਰਿਟਸ ਦੇ ਮੁਖੀ ਸਮੀਰ ਮਹਿੰਦਰੂ, ਹੋਰ ਦੋਸ਼ੀਆਂ ਅਤੇ ਕਈ ਕੰਪਨੀਆਂ ਦੇ ਖਿਲਾਫ਼ ਦਾਇਰ ਕੀਤੇ ਗਏ ਹਨ |
ਗੋਆ ਚੋਣਾਂ ‘ਚ ਵਰਤਿਆ ਘੁਟਾਲੇ ਦਾ ਪੈਸਾ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਿਕ ਈ.ਡੀ. ਨੇ ਦੋਸ਼ ਪੱਤਰ ‘ਚ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਤੋਂ ਲਾਭ ਉਠਾਉਣ ਵਾਲੇ ਸ਼ਰਾਬ ਦੇ ਠੇਕੇਦਾਰ ਤੋਂ 100 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਰਿਸ਼ਵਤ ਦੇ ਪੈਸਿਆਂ ਦੀ ਵਰਤੋਂ ‘ਆਪ’ ਦੇ ਕਈ ਨੇਤਾਵਾਂ ਵਲੋਂ ਕੀਤੀ ਗਈ ਹੈ | ਏਜੰਸੀ ਨੇ ਕਿਹਾ ਕਿ ਕੁਝ ਗਤੀਵਿਧੀਆਂ ਦੀ ਮਦਦ ਨਾਲ ਨਕਦੀ ਦੇ ਇਕ ਹਿੱਸੇ ਦਾ ਪਤਾ ਲਗਾਇਆ ਗਿਆ ਹੈ | ਈ.ਡੀ. ਨੇ ਕਿਹਾ ਕਿ ਸ਼ਰਾਬ ਘੁਟਾਲੇ ‘ਚ ਮਿਲੇ 100 ਕਰੋੜ ਰੁਪਏ ਦੀ ਵਰਤੋਂ ‘ਆਪ’ ਨੇ ਗੋਆ ਚੋਣਾਂ ‘ਚ ਕੀਤਾ ਸੀ |
ਕੇਜਰੀਵਾਲ ਵਲੋਂ ਦੋਸ਼ ਖ਼ਾਰਜ
ਦਿੱਲੀ ਦੇ ਮੁੱਖ ਮੰਤਰੀ ਨੇ ਈ.ਡੀ. ਦੇ ਦੋਸ਼ ਪੱਤਰ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ‘ਚ ਈ.ਡੀ. ਨੇ 5 ਹਜ਼ਾਰ ਦੋਸ਼ ਪੱਤਰ ਦਾਇਰ ਕੀਤੇ ਹਨ | ਕਿੰਨੇ ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ | ਈ.ਡੀ. ਵਲੋਂ ਦਰਜ ਕੀਤੇ ਗਏ ਸਾਰੇ ਮਾਮਲੇ ਫ਼ਰਜ਼ੀ ਹਨ ਅਤੇ ਉਨ੍ਹਾਂ ਦੀ ਵਰਤੋਂ ਸਰਕਾਰਾਂ ਨੂੰ ਡੇਗਣ ਜਾਂ ਸਰਕਾਰ ਬਣਾਉਣ ਲਈ ਇਸ ਤਰ੍ਹਾਂ ਕੀਤਾ ਜਾਂਦਾ ਹੈ |

Chief Editor- Jasdeep Singh  (National Award Winner)