ਜਨਤਾ ਦਾ ਵਿਸ਼ਵਾਸ ਮੇਰੀ ਸੁਰੱਖਿਆ ਢਾਲ-ਮੋਦੀ

0
66

Punjab Junction Weekly Newspaper / 9 February 2023

ਨਵੀਂ ਦਿੱਲੀ,

-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਪਹਿਲਾਂ (2004 ਤੋਂ 2014) ਦੇ ਸਮੇਂ ਨੂੰ ‘Lost 4ecade’ ਭਾਵ ਗੁੰਮ ਦਹਾਕਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਉਸ ਸਮੇਂ ਹਰ ਮੌਕੇ ਨੂੰ ਮੁਸੀਬਤ ‘ਚ ਪਲਟ ਦਿੱਤਾ | ਮੋਦੀ ਨੇ ਕਾਂਗਰਸ ਸ਼ਾਸਿਤ 2004 ਤੋਂ 2014 ਦੇ 10 ਸਾਲਾਂ ਦੇ ਸਮੇਂ ਨੂੰ ਕੇਂਦਰ ‘ਚ ਰੱਖਦਿਆਂ ਅਤੇ ਆਪਣੇ 9 ਸਾਲਾਂ ਦੇ ਕਾਰਜਕਾਲ ਨਾਲ ਤੁਲਨਾ ਨੂੰ ਭਾਸ਼ਨ ਦਾ ਆਧਾਰ ਬਣਾ ਕੇ ਸਰਕਾਰ ਦੀ ਸਥਿਰਤਾ ਅਤੇ ਫ਼ੈਸਲਾਕੁੰਨ ਰਵੱਈਏ ਨੂੰ ਜਨਤਾ ਦੀ ਭਰੋਸੇਯੋਗਤਾ ਦਾ ਕਾਰਨ ਦੱਸਿਆ, ਨਾਲ ਹੀ ਵਿਰੋਧੀ ਧਿਰ, ਜੋ ਕਿ ਅਡਾਨੀ ਸਮੂਹ ਨੂੰ ਕੇਂਦਰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਕਥਿਤ ਮਦਦ ਦੇ ਮੁੱਦੇ ‘ਤੇ ਹਮਲਾਵਰ ਹੋਈ ਹੈ, ਨੂੰ ਅਸਿੱਧੇ ਢੰਗ ਨਾਲ ਸੰਦੇਸ਼ ਪਹੁੰਚਾਉਂਦਿਆਂ ਕਿਹਾ ਕਿ ਭਾਰਤ ਦਾ ਆਮ ਨਾਗਰਿਕ ਹਾਂ-ਪੱਖੀ ਸੋਚ ਨਾਲ ਭਰਪੂਰ ਹੈ | ਉਹ ਨਾਂਹ-ਪੱਖੀ ਵਿਚਾਰਾਂ ਨੂੰ ਸਹਿਣ ਤਾਂ ਕਰ ਲੈਂਦਾ ਹੈ ਪਰ ਸਵੀਕਾਰ ਨਹੀਂ ਕਰਦਾ | ਪੂਰੇ ਭਾਸ਼ਨ ‘ਚ ਮੋਦੀ ਨੇ ਅਡਾਨੀ ਨੂੰ ਲੈ ਕੇ ਕੁਝ ਬਿਆਨ ਨਹੀਂ ਦਿੱਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਵਿਚਾਰ ਬੁੱਧਵਾਰ ਨੂੰ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ‘ਤੇ ਜਵਾਬ ਦਿੰਦਿਆਂ ਪ੍ਰਗਟਾਏ | ਮੋਦੀ ਨੇ ਲੋਕ ਸਭਾ ‘ਚ ਦਿੱਤੇ ਤਕਰੀਬਨ ਸਵਾ ਘੰਟੇ ਦੇ ਭਾਸ਼ਨ ‘ਚ ਇਕ ਵਾਰ ਵੀ ਵਿਰੋਧੀ ਧਿਰ ਦੇ ਕਿਸੇ ਵੀ ਨੇਤਾ ਦਾ ਨਾਂਅ ਨਹੀਂ ਲਿਆ ਪਰ ਅਸਿੱਧੇ ਤੌਰ ‘ਤੇ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਸ਼ਬਦੀ ਤੀਰਾਂ ਦਾ ਨਿਸ਼ਾਨਾ ਬਣਾਇਆ, ਜਿਸ ‘ਤੇ ਕਾਂਗਰਸ ਦੇ ਭਾਸ਼ਨ ਦੇ ਸਮੇਂ ਕਈ ਵਾਰ ਹੰਗਾਮਾ ਕੀਤਾ ਅਤੇ ਵਾਕਆਊਟ ਵੀ ਕੀਤਾ | ਸਪੀਕਰ ਓਮ ਬਿਰਲਾ ਨੇ ਸਮੇਂ-ਸਮੇਂ ‘ਤੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਸਦਨ ਦੀ ਮਰਿਆਦਾ ਦਾ ਹਵਾਲਾ ਦਿੰਦਿਆਂ ਸੰਜਮ ‘ਚ ਰਹਿਣ ਨੂੰ ਕਿਹਾ |
ਭਾਜਪਾ ਨੇਤਾਵਾਂ ਦੇ ਨਿਸ਼ਾਨੇ ‘ਤੇ ਰਹੇ ਰਾਹੁਲ ਗਾਂਧੀ
ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੇਂ ਆਪਣੇ ਭਾਸ਼ਨ ‘ਚ ਯੂ.ਪੀ.ਏ. ਦੇ ਸ਼ਾਸਨ ਕਾਲ ਬਨਾਮ ਮੌਜੂਦਾ ਸਰਕਾਰ ਦੇ ਕਾਰਜਕਾਲ ਨੂੰ ਹੀ ਆਧਾਰ ਬਣਾਇਆ ਪਰ ਭਾਜਪਾ ਦੇ ਨੇਤਾਵਾਂ ਵਲੋਂ ਕੀਤੀ ਚਰਚਾ ਦੇ ਕੇਂਦਰ ‘ਚ ਰਾਹੁਲ ਗਾਂਧੀ ਦਾ ਮੰਗਲਵਾਰ ਨੂੰ ਲੋਕ ਸਭਾ ‘ਚ ਦਿੱਤਾ ਭਾਸ਼ਨ ਹੀ ਰਿਹਾ ਅਤੇ ਉਨ੍ਹਾਂ ਨੇ ਉਸ ਨੂੰ ਆਧਾਰ ਬਣਾ ਕੇ ਰਾਹੁਲ ਗਾਂਧੀ ‘ਤੇ ਜੰਮ ਕੇ ਸ਼ਬਦੀ ਹਮਲਾ ਕੀਤਾ | ਭਾਜਪਾ ਨੇਤਾ ਅਤੇ ਸਾਬਕਾ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਆਪਣੇ ਭਾਸ਼ਨ ‘ਚ ਬੋਫੋਰਸ, ਕੋਲਾ ਘੁਟਾਲਾ, 2-ਜੀ ਘੁਟਾਲਾ, ਰਾਫ਼ੇਲ ਸਮੇਤ ਕਈ ਮੁੱਦਿਆਂ ‘ਤੇ ਕਾਂਗਰਸ ਨੂੰ ਘੇਰਿਆ | ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਭਾਸ਼ਨ ਨੂੰ ਸਦਨ ਨੂੰ ਗੁੰਮਰਾਹ ਕਰਨ ਵਾਲਾ ਭਾਸ਼ਨ ਦੱਸਿਆ | ਪ੍ਰਸਾਦ ਨੇ ਰਾਹੁਲ ਗਾਂਧੀ ਤੋਂ ਇਲਾਵਾ ਪਿ੍ਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਅਤੇ ਓਾਤਾਵਿਓ ਕਵਾਤਰਾਨੋਚੀ ਨੂੰ ਲੈ ਕੇ ਨਿੱਜੀ ਹਮਲੇ ਵੀ ਕੀਤੇ | ਪ੍ਰਸਾਦ ਨੇ ਨੈਸ਼ਨਲ ਹੈਰਾਲਡ ਮਾਮਲੇ ਦੇ ਹਵਾਲੇ ਨਾਲ ਰਾਹੁਲ ਗਾਂਧੀ ਨੂੰ ਜ਼ਮਾਨਤ ‘ਤੇ ਬਾਹਰ ਸਿਆਸੀ ਨੇਤਾ ਦੱਸਿਆ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਦੇਸ਼ ਦੀ ਤਰੱਕੀ ਤੋਂ ਇਸ ਲਈ ਪ੍ਰੇਸ਼ਾਨ ਹੈ ਕਿ ਉਨ੍ਹਾਂ ਦੀ ਕਮਿਸ਼ਨ ਬੰਦ ਹੋ ਗਈ ਹੈ | ਰਾਹੁਲ ਗਾਂਧੀ ਨੇ ਮੰਗਲਵਾਰ ਦੇ ਭਾਸ਼ਨ ‘ਚ ਪ੍ਰਧਾਨ ਮੰਤਰੀ ਨਾਲ ਨੇੜਲੇ ਸੰਬੰਧਾਂ ਨੂੰ ਅਡਾਨੀ ਸਮੂਹ ਦੇ ਉਭਾਰ ਦਾ ਕਾਰਨ ਦੱਸਿਆ ਸੀ | ਪ੍ਰਸਾਦ ਨੇ ਪਿਛਲੀਆਂ ਸਰਕਾਰਾਂ ‘ਚ ਅਡਾਨੀ ਦੇ ਦੌਰਿਆਂ ਦਾ ਬਿਓਰਾ ਦਿੰਦਿਆਂ ਕਿ 2008, 2010 ਅਤੇ 2011 ‘ਚ ਅਡਾਨੀ ਨੂੰ ਜੋ ਬਾਹਰਲੇ ਪ੍ਰਾਜੈਕਟ ਮਿਲੇ ਤਾਂ ਕੀ ਉਸ ਦਾ ਕਾਰਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ? ਪ੍ਰਸਾਦ ਨੇ ਕਾਂਗਰਸ ਸ਼ਾਸਿਤ ਰਾਜਾਂ ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਅਡਾਨੀ ਦੇ ਨਿਵੇਸ਼ ਨੂੰ ਲੈ ਕੇ ਘੇਰਦਿਆਂ ਕਿਹਾ ਕਿ ਕੀ ਉੱਥੇ ਵੀ ਕੋਈ ਡੀਲ ਹੋਈ ਹੈ |
‘ਨਿਰਾਸ਼ਾ ਮੇਂ ਡੂਬੇ ਲੋਗ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ‘ਚ ਸਿੱਧੇ ਤੌਰ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੰਬੋਧਨ ਨਹੀਂ ਕੀਤਾ ਪਰ ਭਾਸ਼ਨ ‘ਚ ਵਾਰ-ਵਾਰ ‘ਨਿਰਾਸ਼ਾ ਮੇਂ ਡੂਬੇ ਲੋਗ’ ਕਹਿ ਕੇ ਉਨ੍ਹਾਂ ਵੱਲ ਇਸ਼ਾਰਾ ਕੀਤਾ | ਮੋਦੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਏਨੀ ਵੱਡੀ ਆਲਮੀ ਮਹਾਂਮਾਰੀ ਅਤੇ ਵਿਸ਼ਵ ਭਰ ‘ਚ ਏਨੀ ਉਥਲ-ਪੁਥਲ ਤੋਂ ਬਾਅਦ ਵੀ ਭਾਰਤ ਪੰਜਵੀਂ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ | ਸਟਾਰਟ ਅੱਪ ਦੇ ਮਾਮਲੇ ‘ਚ ਵਿਸ਼ਵ ‘ਚ ਤੀਜੇ ਨੰਬਰ ‘ਤੇ ਹੈ | ਮੋਬਾਈਲ ਬਣਾਉਣ ‘ਚ ਦੂਜੇ ਅਤੇ ਘਰੇਲੂ ਹਵਾਈ ਟ੍ਰੈਫ਼ਿਕ ਅਤੇ ਊਰਜਾ ਖਪਤਕਾਰੀ ਅਤੇ ਮੁੜ ਨਵਿਆਉਣਯੋਗ ਊਰਜਾ ਖੇਤਰ ‘ਚ ਤੀਜੇ ਨੰਬਰ ‘ਤੇ ਹੈ | ਅਜਿਹੀਆਂ ਹੋਰ ਉਪਲਬਧੀਆਂ ਦਾ ਦਾਅਵਾ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੀ 140 ਕਰੋੜ ਜਨਤਾ ਨੂੰ ਇਸ ਸਭ ‘ਤੇ ਫ਼ਖ਼ਰ ਹੈ ਪਰ ਕੁਝ ‘ਨਿਰਾਸ਼ਾ ਮੇਂ ਡੂਬੇ ਲੋਗ’ ਦੇਸ਼ ਦੀ ਤਰੱਕੀ ਤੋਂ ਵੀ ਨਿਰਾਸ਼ ਹਨ | ਮੋਦੀ ਨੇ ਭਾਸ਼ਨ ‘ਚ ਕਾਫ਼ੀ ਚਿਰ ਯੂ.ਪੀ.ਏ. ਦੇ ਸ਼ਾਸਨ ਕਾਲ ਨੂੰ ਦਿੰਦਿਆਂ ਕਿਹਾ ਕਿ 10 ਸਾਲਾਂ ‘ਚ (2004 ਤੋਂ 2014) ਭਾਰਤੀ ਅਰਥਚਾਰੇ ਦੀ ਖਸਤਾਹਾਲ ਸੀ, ਮਹਿੰਗਾਈ ਦਰ ਦਹਾਈ ਦੇ ਅੰਕੜੇ ਨੂੰ ਪਾਰ ਕਰ ਗਈ ਸੀ, ਬੇਰੁਜ਼ਗਾਰੀ ਕਾਫ਼ੀ ਜ਼ਿਆਦਾ ਸੀ | ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰ-ਪੂਰਬੀ ਖਿੱਤੇ ‘ਚ ਹਿੰਸਾ ਸੀ, ਆਲਮੀ ਮੰਚ ‘ਤੇ ਭਾਰਤ ਦੀ ਆਵਾਜ਼ ਬਹੁਤ ਕਮਜ਼ੋਰ ਸੀ |
ਭਾਰਤ ਵਾਸੀ ਨਾਂਹ ਪੱਖੀ ਵਿਚਾਰ ਸਹਿਣ ਤਾਂ ਕਰ ਲੈਂਦੇ ਹਨ ਪਰ ਸਵੀਕਾਰ ਨਹੀਂ ਕਰਦੇ
ਮੋਦੀ ਨੇ ਰਾਹੁਲ ਗਾਂਧੀ ਦੇ ਮੰਗਲਵਾਰ ਦੇ ਭਾਸ਼ਨ ਨੂੰ ਅਸਿੱਧੇ ਢੰਗ ਨਾਲ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਆਮ ਭਾਰਤ ਵਾਸੀ ਹਾਂ-ਪੱਖੀ ਸੋਚ ਨਾਲ ਭਰਿਆ ਹੋਇਆ ਹੈ | ਉਹ ਨਾਂਹ-ਪੱਖੀ ਵਿਚਾਰ ਨੂੰ ਸਹਿ ਤਾਂ ਲੈਂਦਾ ਹੈ ਪਰ ਸਵੀਕਾਰ ਨਹੀਂ ਕਰਦਾ | ਨਾਲ ਹੀ ਸਿਰਜਣਸ਼ੀਲ ਆਲੋਚਨਾ ਦੀ ਘਾਟ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਆਲੋਚਨਾ ਲੋਕਤੰਤਰ ਦੀ ਮਜ਼ਬੂਤੀ ਲਈ ਹੈ ਪਰ ਵਿਰੋਧੀ ਧਿਰਾਂ (ਕਾਂਗਰਸ) ਨੇ ਉਸਾਰੂ ਆਲੋਚਨਾ ਦੀ ਥਾਂ ‘ਤੇ ਲਾਜ਼ਮੀ ਆਲੋਚਨਾ ਨੂੰ ਆਪਣਾ ਆਧਾਰ ਬਣਾ ਲਿਆ ਹੈ | ਇਸ ਨੂੰ ਹੋਰ ਅੱਗੇ ਲਿਜਾਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ (ਕਾਂਗਰਸ) ਨੇ ਆਲੋਚਨਾ ਦਾ ਸਮਾਂ ਇਲਜ਼ਾਮਾਂ ‘ਚ ਗੁਆ ਦਿੱਤਾ | ਚੁਣਾਵੀ ਹਾਰ ‘ਤੇ ਈ.ਵੀ.ਐੱਮ.’ਤੇ ਇਲਜ਼ਾਮ ਚੋਣ ਕਮਿਸ਼ਨ ‘ਤੇ ਇਲਜ਼ਾਮ ਭਿ੍ਸ਼ਟਾਚਾਰ ਦੀ ਜਾਂਚ ਲਈ ਜਾਂਚ ਏਜੰਸੀਆਂ ‘ਤੇ ਇਲਜ਼ਾਮ ਅਤੇ ਆਰਥਿਕ ਵਿਕਾਸ ‘ਤੇ ਆਰ.ਬੀ.ਆਈ. ‘ਤੇ ਇਲਜ਼ਾਮ |
ਈ.ਡੀ. ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਕ ਮੰਚ ‘ਤੇ ਲਿਆ ਦਿੱਤਾ
ਪ੍ਰਧਾਨ ਮੰਤਰੀ ਨੇ ਵਿਰੋਧੀ ਇਕਜੁੱਟਤਾ ‘ਤੇ ਤਨਜ਼ ਕਰਦਿਆਂ ਕਿਹਾ ਕਿ ਈ.ਡੀ. ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕ ਮੰਚ ‘ਤੇ ਲਿਆ ਦਿੱਤਾ ਹੈ | ਦੱਸਣਯੋਗ ਹੈ ਕਿ ਸੰਸਦ ਦੇ ਬਜਟ ਇਜਲਾਸ ‘ਚ ਕਾਂਗਰਸ ਦੀ ਅਗਵਾਈ ਹੇਠ 16 ਪਾਰਟੀਆਂ ਨੇ ਇਕਜੁੱਟਤਾ ਦਾ ਵਿਖਾਵਾ ਕਰਦਿਆਂ ਅਡਾਨੀ ਮੁੱਦੇ ‘ਤੇ ਸਰਕਾਰ ਦੀ ਘੇਰਾਬੰਦੀ ਕੀਤੀ | ਹੰਗਾਮਿਆਂ ਕਾਰਨ ਸੰਸਦ ਦੀ ਕਾਰਵਾਈ 4 ਦਿਨਾਂ ਤੱਕ ਪ੍ਰਭਾਵਿਤ ਰਹੀ ਅਤੇ ਰਾਸ਼ਟਰਪਤੀ ਦੇ ਭਾਸ਼ਨ ‘ਤੇ ਚਰਚਾ ਸ਼ੁਰੂ ਨਹੀਂ ਹੋ ਸਕੀ |
ਭਵਿੱਖ ‘ਚ ਕਾਂਗਰਸ ਦੀ ਬਰਬਾਦੀ ‘ਤੇ ਹੋਵੇਗੀ ਕੇਸ ਸਟੱਡੀ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ‘ਚ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਹਾਲ ‘ਚ ਹਾਰਵਰਡ ਯੂਨੀਵਰਸਿਟੀ ‘ਚ ਕੇਸ ਸਟੱਡੀ ਹੋਈ ਸੀ, ਜਿਸ ‘ਚ ਭਾਰਤ ‘ਚ ਕਾਂਗਰਸ ਦੇ ਉਭਾਰ ਤੇ ਪਤਨ ‘ਤੇ ਚਰਚਾ ਕੀਤੀ ਗਈ ਸੀ | ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਭਵਿੱਖ ‘ਚ ਕਾਂਗਰਸ ਦੀ ਬਰਬਾਦੀ ‘ਤੇ ਸਿਰਫ ਹਾਰਵਰਡ ਹੀ ਨਹੀਂ ਹੋਰ ਸੰਸਥਾਵਾਂ ‘ਚ ਵੀ ਖੋਜ ਹੋਵੇਗੀ | ਮੋਦੀ ਦੇ ਇਸ ਬਿਆਨ ਦੇ ਪਿਛੋਕੜ ‘ਚ ਅਸਿੱਧੇ ਤੌਰ ‘ਤੇ ਰਾਹੁਲ ਗਾਂਧੀ ਦਾ ਮੰਗਲਵਾਰ ਦਾ ਉਹ ਬਿਆਨ ਹੈ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਭਵਿੱਖ ‘ਚ ਹਾਰਵਰਡ ‘ਚ ਮੋਦੀ ਅਤੇ ਅਡਾਨੀ ਦੇ ਸੰਬੰਧਾਂ ਅਤੇ ਅਡਾਨੀ ਦੇ ਉਭਾਰ ‘ਤੇ ਕੇਸ ਸਟੱਡੀ ਹੋਵੇਗੀ |
ਜਦੋਂ ਸਦਨ ‘ਚ ਲੱਗੇ ‘ਮੋਦੀ-ਮੋਦੀ’ ਦੇ ਨਾਅਰੇ
ਪ੍ਰਧਾਨ ਮੰਤਰੀ ਦੇ ਭਾਸ਼ਨ ਦੌਰਾਨ ਤਕਰੀਬਨ 3 ਵਾਰ ਸੱਤਾ ਧਿਰ ਨੇ ਮੇਜ਼ ਥਪਥਪਾ ਕੇ ‘ਮੋਦੀ-ਮੋਦੀ’ ਦੇ ਨਾਅਰੇ ਲਾਏ, ਜਦਕਿ ਵਿਰੋਧੀ ਧਿਰਾਂ ਨੇ ਨਾਲ ਹੀ ਪ੍ਰਤੀਕਰਮ ਵਜੋਂ ਅਡਾਨੀ-ਅਡਾਨੀ ਕਹਿੰਦਿਆਂ ਇਸ ਦਾ ਵਿਰੋਧ ਕੀਤਾ |
2047 ਲਈ ਇਕੱਠੇ ਅੱਗੇ ਵਧਣ ਦਾ ਦਿੱਤਾ ਸੱਦਾ
ਪ੍ਰਧਾਨ ਮੰਤਰੀ ਨੇ ਭਾਸ਼ਨ ਦੇ ਆਖਿਰ ‘ਚ ਰਾਸ਼ਟਰਪਤੀ ਦੇ ਭਾਸ਼ਨ ‘ਚ ਸ਼ਾਮਿਲ 2047 ਦੇ ਸੰਕਲਪ ਨੂੰ ਦੁਹਰਾਉਂਦਿਆਂ ਕਿਹਾ ਕਿ ਸਿਆਸੀ ਮੱਤਭੇਦ ਹੋ ਸਕਦੇ ਹਨ, ਪਰ ਦੇਸ਼ ਅਜਰ ਅਮਰ ਹੈ | ਇਸ ਲਈ ਦੇਸ਼ ਦੇ ਪੂਰੀ ਸਮਰੱਥਾ ਨਾਲ ਆਓ, 2047 (ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ) ਵੱਲ ਅੱਗੇ ਵਧੀਏ |
ਦਫ਼ਨ ਕਰ ਦਿੱਤਾ ਗਿਆ ਲੋਕਤੰਤਰ-ਜੈਰਾਮ ਰਮੇਸ਼
ਮੰਗਲਵਾਰ ਨੂੰ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਭਾਸ਼ਨ ਦਾ ਕੁਝ ਹਿੱਸਾ ਹਟਾ ਦਿੱਤਾ ਗਿਆ ਹੈ | ਰਾਹੁਲ ਗਾਂਧੀ ਦੇ ਭਾਸ਼ਨ ‘ਚ ਉਦਯੋਗਪਤੀ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਲੈ ਕੇ ਦਿੱਤੇ ਬਿਆਨਾਂ ਦੇ ਹਿੱਸੇ ਨੂੰ ਲੋਕ ਸਭਾ ਸਕੱਤਰੇਤ ਵਲੋਂ ਹਟਾ ਦਿੱਤਾ ਗਿਆ ਹੈ, ਜਿਸ ਆਧਾਰ ‘ਚ ਉਨ੍ਹਾਂ ਹਿੱਸਾ ਸਦਨ ਦੀ ਕਾਰਵਾਈ ਦੇ ਰਿਕਾਰਡ ਦਾ ਹਿੱਸਾ ਨਹੀਂ ਰਹੇਗਾ | ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਇਸ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਲੋਕਤੰਤਰ ਦਫ਼ਨ ਕਰ ਦਿੱਤਾ ਗਿਆ ਹੈ | ਜੈਰਾਮ ਰਮੇਸ਼ ਨੇ ਟਵਿਟਰ ‘ਤੇ ਪਾਏ ਸੰਦੇਸ਼ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਜੁੜੇ ਅਡਾਨੀ ਮਹਾਂਮੈਗਾਸਕੈਮ ‘ਤੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਹਟਾਉਣ ਦੇ ਨਾਲ ਹੀ ਲੋਕ ਸਭਾ ‘ਚ ਲੋਕਤੰਤਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ |