Punjab Junction Newspaper | 27 January 2022
ਚੰਡੀਗੜ੍ਹ,
ਡਰੱਗ ਕੇਸ ‘ਚ ਫਸੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ‘ਚ ਅਪੀਲ ਦਾਇਰ ਹੋਣ ਤੱਕ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ | ਪੁਲਿਸ ਤਿੰਨ ਦਿਨਾਂ ਤੱਕ ਮਜੀਠੀਆ ਨੂੰ ਗਿ੍ਫ਼ਤਾਰ ਨਹੀਂ ਕਰ ਸਕੇਗੀ | ਹਾਈਕੋਰਟ ਨੇ ਮਜੀਠੀਆ ਨੂੰ ਤਿੰਨ ਦਿਨਾਂ ਤੱਕ ਗਿ੍ਫ਼ਤਾਰ ਨਾ ਕਰਨ ਦੇ ਹੁਕਮ ਦਿੱਤੇ ਹਨ | ਅਦਾਲਤ ਨੇ 44 ਪੰਨਿਆਂ ਦੇ ਹੁਕਮ ‘ਚ ਕਿਹਾ ਕਿ ਮਜੀਠੀਆ ਨੂੰ ਸੁਪਰੀਮ ਕੋਰਟ ‘ਚ ਐਸ. ਐਲ. ਪੀ. (ਸਪੈਸ਼ਲ ਲੀਵ ਪਟੀਸ਼ਨ) ਦਾਇਰ ਕਰਨ ਲਈ ਸਿਰਫ਼ ਤਿੰਨ ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ | ਹਾਲਾਂਕਿ ਮਜੀਠੀਆ ਨੇ ਆਪਣੀ ਪਟੀਸ਼ਨ ‘ਚ ਗਿ੍ਫ਼ਤਾਰੀ ‘ਤੇ 7 ਦਿਨਾਂ ਲਈ ਰੋਕ ਮੰਗੀ ਸੀ | ਵਰਨਣਯੋਗ ਹੈ ਕਿ ਬੀਤੀ 20 ਦਸੰਬਰ ਨੂੰ ਮੋਹਾਲੀ ‘ਚ ਮਜੀਠੀਆ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ | ਮੋਹਾਲੀ ਦੀ ਅਦਾਲਤ ਵਲੋਂ ਜ਼ਮਾਨਤ ਅਰਜ਼ੀ ਰੱਦ ਕਰਨ ‘ਤੇ ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ |