Punjab Junction Newspaper | 07 January 2022
ਨਵੀਂ ਦਿੱਲੀ, -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਹੀ ਦੇ ਮੁੱਦੇ ‘ਤੇ ਜਿੱਥੇ ਭਾਜਪਾ ਅਤੇ ਕਾਂਗਰਸ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ, ਉੱਥੇ ਇਸ ਮੁੱਦੇ ਦੀ ਗੂੰਜ ਰਾਸ਼ਟਰਪਤੀ ਭਵਨ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਈ ਹੈ | ਪ੍ਰਧਾਨ ਮੰਤਰੀ ਨੇ 5 ਜਨਵਰੀ ਨੂੰ ਹੁਸੈਨੀਵਾਲਾ ਦੇ ਕੋਲ ਹੋਈ ਇਸ ਘਟਨਾ ਦਾ ਪੂਰਾ ਬਿਓਰਾ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਦਿੱਤਾ, ਜਿਸ ‘ਤੇ ਰਾਸ਼ਟਰਪਤੀ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ | ਦੂਜੇ ਪਾਸੇ ਪੰਜਾਬ ਸਰਕਾਰ ਨੇ ਘਟਨਾ ਦੇ ਅਗਲੇ ਹੀ ਦਿਨ 2 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ 3 ਦਿਨਾਂ ‘ਚ ਰਿਪੋਰਟ ਮੰਗੀ ਹੈ | ਇਸ ਦੌਰਾਨ ਗ੍ਰਹਿ ਮੰਤਰਾਲਾ ਵੀ ਇਸ ਮੁੱਦੇ ‘ਤੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਜਵਾਬ ਦੀ ਉਡੀਕ ਕਰ ਰਿਹਾ ਹੈ |
ਸੁਪਰੀਮ ਕੋਰਟ ‘ਚ ਸੁਣਵਾਈ ਅੱਜ
ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਅਣਗਹਿਲੀ ਦਾ ਮੁੱਦਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹੈ | ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸਰਬਉੱਚ ਅਦਾਲਤ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਪਟੀਸ਼ਨ ‘ਚ ਕਿਹਾ ਗਿਆ ਕਿ ਬਠਿੰਡਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਇਸ ਮਾਮਲੇ ‘ਚ ਪੁਲਿਸ ਵਲੋਂ ਕੀਤੀ ਅਣਗਹਿਲੀ ਨਾਲ ਜੁੜੇ ਸਾਰੇ ਸਬੂਤ ਇਕੱਠੇ ਕਰਨ | ਪਟੀਸ਼ਨ ‘ਚ ਪੰਜਾਬ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਇਸ ਮੁੱਦੇ ਲਈ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ | ਚੀਫ਼ ਜਸਟਿਸ ਐੱਨ.ਵੀ. ਰਮੰਨਾ ਨੇ ਪਟੀਸ਼ਨਕਰਤਾ ਨੂੰ ਪਟੀਸ਼ਨ ਦੀ ਇਕ ਕਾਪੀ ਸੂਬੇ ਨੂੰ ਭੇਜਣ ਨੂੰ ਕਿਹਾ | ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ |
ਪਹਿਲਾਂ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਹੋ ਚੁੱਕੀ ਹੈ ਅਣਗਹਿਲੀ
5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਹੋਈ ਅਣਗਹਿਲੀ ਕੋਈ ਪਹਿਲੀ ਘਟਨਾ ਨਹੀਂ ਹੈ | ਇਸ ਤੋਂ ਇਲਾਵਾ ਪਹਿਲਾਂ ਵੀ ਚਾਰ ਵਾਰ ਅਜਿਹਾ ਹੋ ਚੁੱਕਾ ਹੈ | ਫਰਵਰੀ 2019 ‘ਚ ਪੱਛਮੀ ਬੰਗਾਲ ਦੇ ਅਸ਼ੋਕ ਨਗਰ ‘ਚ ਹੋਈ ਰੈਲੀ ‘ਚ ਉਸ ਵੇਲੇ ਹਲਚਲ ਮਚੀ ਜਦੋਂ ਬੈਰੀਕੇਡ ਤੋੜ ਕੇ ਭੀੜ ਸਟੇਜ ਵੱਲ ਵਧਣ ਲੱਗੀ, ਜਿਸ ਕਾਰਨ ਮੋਦੀ ਨੂੰ ਆਪਣਾ ਭਾਸ਼ਨ ਛੋਟਾ ਕਰਨਾ ਪਿਆ | ਮਈ 2018 ‘ਚ ਵਿਸ਼ਵ ਭਾਰਤੀ ਕਾਨਵੋਕੇਸ਼ਨ ਦੌਰਾਨ ਵੀ ਇਕ ਵਿਅਕਤੀ ਐੱਸ.ਪੀ.ਜੀ. ਸੁਰੱਖਿਆ ਦਾ ਘੇਰਾ ਤੋੜ ਕੇ ਪ੍ਰਧਾਨ ਮੰਤਰੀ ਤੱਕ ਪਹੁੰਚ ਗਿਆ ਅਤੇ ਉਨ੍ਹਾਂ ਦੇ ਪੈਰ ਫੜ ਲਏ | ਦਸੰਬਰ 2017 ‘ਚ ਕੋਇਆ ‘ਚ ਮੋਦੀ ਦੇ ਕਾਫਲੇ ਦੇ ਪੁਲਿਸ ਵਾਲਿਆਂ ਦੇ ਗ਼ਲਤ ਮੋੜ ਲੈਣ ਕਾਰਨ ਕਾਫਲਾ 2 ਮਿੰਟ ਤੱਕ ਫਸਿਆ ਰਿਹਾ | ਇਸ ਤੋਂ ਬਾਅਦ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਨਵੰਬਰ 2004 ‘ਚ ਵੀ ਪ੍ਰਧਾਨ ਮੰਤਰੀ ਤੱਕ ਪਹੁੰਚਣ ਦੀ ਤਿੰਨ ਪੱਧਰੀ ਸੁਰੱਖਿਆ ਤੋੜ ਕੇ ਇਕ ਵਿਅਕਤੀ ਉਨ੍ਹਾਂ ਕੋਲ ਪਹੁੰਚ ਗਿਆ ਸੀ |
ਭਾਜਪਾ ਸਿਆਸੀ ਡਰਾਮਾ ਘੜ ਰਹੀ-ਕਾਂਗਰਸ
ਕਾਂਗਰਸ ਨੇ ਸੁਰੱਖਿਆ ‘ਚ ਅਣਗਹਿਲੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ ‘ਚ ਘੱਟ ਲੋਕਾਂ ਦੇ ਪਹੁੰਚਣ ਤੇ ਪਰਦਾ ਪਾਉਣ ਲਈ ਭਾਜਪਾ ਸਿਆਸੀ ਡਰਾਮਾ ਘੜ ਰਹੀ ਹੈ | ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਭਾਜਪਾ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਕੀ ਇਹ ਸਾਡੀ (ਕਾਂਗਰਸ ਦੀ) ਜ਼ਿੰਮੇਵਾਰੀ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ ਭੀੜ ਇਕੱਠੀ ਕੀਤੀ ਜਾਵੇ? ਸੂਰਜੇਵਾਲਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਖਰੀ ਵਕਤ ‘ਤੇ ਆਪਣੇ ਰੂਟ ‘ਚ ਬਦਲਾਅ ਕੀਤਾ ਅਤੇ ਪ੍ਰਦਸ਼ਨਕਾਰੀਆਂ ਨੂੰ ਹਟਾਉਣ ‘ਚ 15 ਮਿੰਟ ਦਾ ਸਮਾਂ ਲੱਗ ਗਿਆ | ਸੂਰਜੇਵਾਲਾ ਨੇ ਸਵਾਲ ਉਠਾਉਂਦਿਆਂ ਇਹ ਵੀ ਕਿਹਾ ਕਿ ਕੀ ਕਿਸੇ ਨੇ ਪ੍ਰਧਾਨ ਮੰਤਰੀ ਦੇ ਕਾਫਲੇ ‘ਤੇ ਹਮਲਾ ਕੀਤਾ? ਕੀ ਭਾਜਪਾ ਤਿੰਨ ਕਰੋੜ ਪੰਜਾਬੀਆਂ ਦੀ ਬੇਇੱਜ਼ਤੀ ਨਹੀਂ ਕਰ ਰਹੀ? ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ ਨਾ ਕਿ ਭਾਜਪਾ ਦੇ |
ਮੋਦੀ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੁਰੱਖਿਆ ‘ਚ ਕੁਤਾਹੀ ਦੇ ਮੁੱਦੇ ਦਾ ਪੂਰਾ ਬਿਓਰਾ ਦਿੱਤਾ | ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ‘ਚ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਨ ਦੇ ਨਾਲ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਇਸ ਗੰਭੀਰ ਅਣਗਹਿਲੀ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਹਲਕਿਆਂ ਮੁਤਾਬਿਕ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵੀ ਸੱਦੀ ਗਈ | ਇਸ ਮੁੱਦੇ ‘ਤੇ ਚਰਚਾ ਕੀਤੀ ਗਈ | ਰਾਸ਼ਟਰਪਤੀ ਤੋਂ ਇਲਾਵਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਵੀ ਇਸ ਮੁੱਦੇ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ | ਉਪ-ਰਾਸ਼ਟਰਪਤੀ ਨਾਇਡੂ ਨੇ ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਕਿਹਾ ਕਿ ਉਹ ਆਸ ਕਰਦੇ ਹਨ ਕਿ ਸੁਰੱਖਿਆ ਪ੍ਰੋਟੋਕਾਲ ਸਥਾਪਤ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ | ਉਨ੍ਹਾਂ ਇਹ ਵੀ ਯਕੀਨੀ ਬਣਾਉਣ ਨੂੰ ਕਿਹਾ ਕਿ ਭਵਿੱਖ ‘ਚ ਅਜਿਹਾ ਦੁਬਾਰਾ ਨਾ ਵਾਪਰੇ | ਨਾਇਡੂ ਨੇ ਇਸ ਘਟਨਾ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਵੀ ਕੀਤੀ |