Punjab Junction Newspaper | 31 December 2021
ਨਵੀਂ ਦਿੱਲੀ, -ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼ ਕਰਨ ਲਈ ਰਾਹੁਲ ਗਾਂਧੀ ਵਲੋਂ ਕੀਤਾ ਜਾਣ ਵਾਲਾ (3 ਜਨਵਰੀ) ਪੰਜਾਬ ਦੌਰਾ ਮੁਲਤਵੀ ਹੋ ਗਿਆ ਹੈ। ਰਾਹੁਲ ਗਾਂਧੀ ਵਲੋਂ 3 ਜਨਵਰੀ ਨੂੰ ਮੋਗਾ ‘ਚ ਰੈਲੀ ਕੀਤੀ ਜਾਣੀ ਸੀ ਪਰ ਉਨ੍ਹਾਂ ਦੇ ਵਿਦੇਸ਼ ਜਾਣ ਕਾਰਨ ਇਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਰਾਹੁਲ ਦੇ ਵਿਦੇਸ਼ ਜਾਣ ਦੀ ਪੁਸ਼ਟੀ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਵਲੋਂ ਕੀਤੀ ਗਈ। ਸੂਰਜੇਵਾਲਾ ਨੇ ਬਿਨਾਂ ਕਿਸੇ ਦੇਸ਼ ਦਾ ਨਾਂਅ ਲਏ ਕਿਹਾ ਕਿ ਰਾਹੁਲ ਗਾਂਧੀ ਇਕ ਸੰਖੇਪ ਵਿਦੇਸ਼ ਯਾਤਰਾ ‘ਤੇ ਹਨ। ਭਾਜਪਾ ਅਤੇ ਭਾਜਪਾ ਦੇ ਮੀਡੀਆ ਦੋਸਤਾਂ ਕਾਰਨ ਅਫ਼ਵਾਹਾਂ ਨਹੀਂ ਫ਼ੈਲਾਉਣੀਆਂ ਚਾਹੁੰਦੀਆਂ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦਾ ਵਿਦੇਸ਼ ਦੌਰਾ ਪਾਰਟੀ ਦੇ 137ਵੇਂ ਸਥਾਪਨਾ ਦਿਵਸ ਦੇ ਅਗਲੇ ਹੀ ਦਿਨ ਅਤੇ ਉਸ ਸਮੇਂ ਹੋ ਰਿਹਾ ਹੈ ਜਦੋਂ ਪੰਜਾਬ ਸਮੇਤ 5 ਰਾਜ ਚੋਣਾਂ ਦੇ ਮੁਹਾਨੇ ਖੜ੍ਹੇ ਹਨ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਇਟਲੀ ਗਏ ਹਨ ਅਤੇ ਉਨ੍ਹਾਂ ਦੀ ਵਾਪਸੀ ਜਨਵਰੀ ਦੇ ਪਹਿਲੇ ਹਫਤੇ ਤੋਂ ਬਾਅਦ ਹੋਵੇਗੀ। ਰਾਹੁਲ ਦੀ ਵਾਪਸੀ ਦੇ ਆਧਾਰ ‘ਤੇ ਪੰਜਾਬ ‘ਚ ਹੋਣ ਵਾਲੀ ਰੈਲੀ 15 ਜਨਵਰੀ ਨੂੰ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ 15 ਨੂੰ ਪੰਜਾਬ ‘ਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਅਗਲੇ ਦਿਨ ਭਾਵ 16 ਜਨਵਰੀ ਨੂੰ ਗੋਆ ‘ਚ ਰੈਲੀ ਕਰਨਗੇ। ਰਾਹੁਲ ਗਾਂਧੀ ਦੀ ਰੈਲੀ ਮੁਲਤਵੀ ਹੋਣ ‘ਤੇ ਕਾਂਗਰਸੀ ਵਰਕਰ ਕਾਫ਼ੀ ਮਾਯੂਸ ਹਨ। ਪੰਜਾਬ ਚੋਣ ਸਰਗਰਮੀਆਂ ‘ਚ ਕਾਂਗਰਸ ਬਾਕੀ ਪਾਰਟੀਆਂ ਤੋਂ ਕਾਫ਼ੀ ਪਿੱਛੇ ਚੱਲ ਰਹੀ ਹੈ। ਭਾਜਪਾ ਵਲੋਂ 5 ਜਨਵਰੀ ਨੂੰ ਫ਼ਿਰੋਜ਼ਪੁਰ ‘ਚ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ। ਭਾਜਪਾ ਵਲੋਂ ਇਸ ਰੈਲੀ ਦੀਆਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਲਕਿਆਂ ਮੁਤਾਬਿਕ ਕਾਂਗਰਸੀ ਵਰਕਰ ਭਾਜਪਾ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕਰਨ ਨੂੰ ਲੈ ਕੇ ਜ਼ੋਸ਼ ‘ਚ ਹਨ ਪਰ ਰੈਲੀ ਮੁਲਤਵੀ ਹੋਣ ਅਤੇ ਉਮੀਦਵਾਰਾਂ ਦੀ ਸੂਚੀ ਜਾਰੀ ਨਾ ਹੋਣ ‘ਤੇ ਕਾਂਗਰਸੀ ਆਗੂਆਂ ਦੀ ਬੈਚੇਨੀ ਵਧ ਰਹੀ ਹੈ।
ਹਾਈਕਮਾਨ ਵਲੋਂ 53 ਉਮੀਦਵਾਰਾਂ ਦੇ ਨਾਂਅ ਫਾਈਨਲ
ਬੁੱਧਵਾਰ ਸ਼ਾਮੀ ਦਿੱਲੀ ਵਿਖੇ ਹੋਈ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ‘ਚ ਪਾਰਟੀ ਵਲੋਂ ਤਕਰੀਬਨ 53 ਉਮੀਦਵਾਰਾਂ ਦੇ ਨਾਂਅ ਫਾਈਨਲ ਕੀਤੇ ਹਨ। ਜਿਨ੍ਹਾਂ ‘ਚੋਂ 40 ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ, ਜਦਕਿ 12-13 ਅਜਿਹੀਆਂ ਸੀਟਾਂ ਹਨ, ਜਿਸ ‘ਤੇ ਤਕਰੀਬਨ ਸਹਿਮਤੀ ਬਣ ਚੁੱਕੀ ਹੈ। ਇਨ੍ਹਾਂ ਸੀਟਾਂ ‘ਤੇ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕੇਂਦਰੀ ਚੋਣ ਕਮੇਟੀ ਦੀ ਮੁਹਰ ਤੋਂ ਬਾਅਦ ਪਾਰਟੀ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾਵੇਗੀ। ਹਾਲਾਂਕਿ ਕੇਂਦਰੀ ਚੋਣ ਕਮਿਸ਼ਨ ਦੀ ਮੀਟਿੰਗ ਕਦੋਂ ਹੋਵੇਗੀ, ਇਸ ਸੰਬੰਧ ‘ਚ ਵੀ ਆਗੂਆਂ ‘ਚ ਸ਼ੰਕਾ ਬਰਕਰਾਰ ਹੈ।
……………..…………………………Chief Editor Jasdeep Singh