ਪੰਜਾਬ ‘ਚ ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

Punjab Junction Newspaper | 18 January 2022

ਨਵੀਂ ਦਿੱਲੀ, ਸੂਬਾ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੁਣ 14 ਫਰਵਰੀ ਦੀ ਬਜਾਏ 20 ਫਰਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਚੋਣਾਂ ਇਕੋ ਗੇੜ ‘ਚ ਹੋਣਗੀਆਂ। ਦਰਅਸਲ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਪੰਜਾਬ ‘ਚੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਹੋਣ ਵਾਲੇ ਧਾਰਮਿਕ ਸਮਾਗਮਾਂ ‘ਚ ਸ਼ਿਰਕਤ ਕਰਨ ਲਈ ਜਾਂਦੇ ਹਨ, ਇਸੇ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਅਤੇ ਇਸ ਦੇ ਭਾਈਵਾਲਾਂ, ਬਸਪਾ ਅਤੇ ਹੋਰਨਾਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਵੋਟਾਂ ਦੀ ਤਰੀਕ ਟਾਲਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਜਾਰੀ ਇਕ ਬਿਆਨ ਅਨੁਸਾਰ ਹੁਣ ਪੰਜਾਬ ‘ਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੋਧੇ ਹੋਏ ਪ੍ਰੋਗਰਾਮ ਮੁਤਾਬਿਕ 25 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 1 ਫਰਵਰੀ ਤੱਕ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ ਅਤੇ ਕਾਗਜ਼ ਵਾਪਸ ਲੈਣ ਦੀ ਤਰੀਕ 4 ਫਰਵਰੀ ਹੋਵੇਗੀ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੀ ਹੋਵੇਗੀ। ਇਸੇ ਦਿਨ ਯੂ.ਪੀ., ਉੱਤਰਾਖੰਡ, ਗੋਆ ਤੇ ਮਨੀਪੁਰ ਦੇ ਚੋਣ ਨਤੀਜੇ ਵੀ ਆਉਣਗੇ। ਜ਼ਿਕਰਯੋਗ ਹੈ ਕਿ ਪਾਰਟੀਆਂ ਨੇ ਕਿਹਾ ਸੀ ਕਿ ਇਸ ਵਾਰ 16 ਫਰਵਰੀ ਨੂੰ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਆਉਣ ਕਾਰਨ 14 ਫਰਵਰੀ ਨੂੰ ਕਈ ਸ਼ਰਧਾਲੂ ਵੋਟ ਨਹੀਂ ਪਾ ਸਕਣਗੇ ਕਿਉਂਕਿ ਉਹ ਸਮਾਗਮਾਂ ‘ਚ ਹਿੱਸਾ ਲੈਣ ਲਈ ਵਾਰਾਣਸੀ ਗਏ ਹੋਣਗੇ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੋਟਾਂ ਦੀ ਤਰੀਕ 16 ਫਰਵਰੀ ਤੋਂ ਕੁਝ ਦਿਨ ਬਾਅਦ ਬਦਲਣ ਦੀ ਅਪੀਲ ਕੀਤੀ ਸੀ। ਕਮਿਸ਼ਨ ਨੇ ਕਿਹਾ ਕਿ ਉਸ ਨੇ ਇਸ ਸੰਬੰਧ ‘ਚ ਰਾਜ ਸਰਕਾਰ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਤੋਂ ਵੀ ਜਾਣਕਾਰੀ ਲਈ ਅਤੇ ਪ੍ਰਤੀਨਿਧੀਆਂ ਤੋਂ ਸਾਹਮਣੇ ਆਏ ਤੱਥਾਂ, ਸੂਬਾ ਸਰਕਾਰ ਤੇ ਸੀ.ਈ.ਓ. ਵਲੋਂ ਦਿੱਤੀ ਜਾਣਕਾਰੀ, ਪੂਰਵ ਅਨੁਮਾਨ ਅਤੇ ਸਾਰੇ ਤੱਥਾਂ ਦੇ ਆਧਾਰ ‘ਤੇ ਫ਼ੈਸਲਾ ਲਿਆ ਗਿਆ। ਚੋਣ ਕਮਿਸ਼ਨ ਵਿਚਲੇ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਵੀ ਅਜਿਹੀਆਂ ਉਦਾਹਰਨਾਂ ਹਨ ਜਦ ਚੋਣ ਕਮਿਸ਼ਨ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੇ ਜ਼ਿਮਨੀ ਚੋਣਾਂ ਨੂੰ ਮੁੜ ਤੈਅ ਕੀਤਾ ਸੀ।
ਚੰਨੀ ਵਲੋਂ ਚੋਣ ਕਮਿਸ਼ਨ ਦਾ ਧੰਨਵਾਦ
ਚੰਡੀਗੜ੍ਹ, 17 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ‘ਚ ਚੋਣਾਂ 6 ਦਿਨ ਅੱਗੇ ਪਾਉਣ ਦਾ ਧੰਨਵਾਦ ਕਰਨ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚੰਨੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਚੋਣਾਂ ਅੱਗੇ ਪਾਉਣ ਅਤੇ ਇਸ ਵਰਗ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਉਹ ਚੋਣ ਕਮਿਸ਼ਨ ਦਾ ਖ਼ਾਸ ਤੌਰ ‘ਤੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਸ਼ੀਲ ਚੰਦਰਾ ਦਾ ਧੰਨਵਾਦ ਕਰਦੇ ਹਨ।
‘ਆਪ’ ਵਲੋਂ ਸਵਾਗਤ
ਚੰਡੀਗੜ੍ਹ, (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੋਣ ਕਮਿਸ਼ਨ ਵਲੋਂ ਸੂਬੇ ‘ਚ ਵੋਟਾਂ ਪਾਉਣ ਦੀ ਤਰੀਕ 20 ਫਰਵਰੀ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਮਾਨ ਨੇ ਕਿਹਾ ਕਿ ਅਜਿਹਾ ਸੰਗਤ ਦੀ ਸ਼ਰਧਾ ਦੇ ਸਤਿਕਾਰ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਕੀਤਾ ਜਾਣਾ ਜ਼ਰੂਰੀ ਸੀ।
ਡਾ. ਚੀਮਾ ਵਲੋਂ ਸ਼ਲਾਘਾ
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਕ ਵੀਡੀਓ ਰਾਹੀਂ ਪੰਜਾਬ ‘ਚ ਵੋਟਾਂ 20 ਫਰਵਰੀ ਨੂੰ ਪਵਾਉਣ ਦਾ ਫ਼ੈਸਲਾ ਕਰਨ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਬਨਾਰਸ ਜਾਂਦੇ ਹਨ, ਇਸ ਲਈ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਹ ਫ਼ੈਸਲਾ ਸ਼ਲਾਘਾਯੋਗ ਹੈ।
ਅਸ਼ਵਨੀ ਸ਼ਰਮਾ ਵਲੋਂ ਸਵਾਗਤ
ਚੰਡੀਗੜ੍ਹ, (ਅ.ਬ.)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਨੇ ਚੋਣ ਕਮਿਸ਼ਨ ਨੂੰ ਇੱਕ ਰਸਮੀ ਪੱਤਰ ਲਿਖ ਕੇ ਚੋਣਾਂ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨਾਲ ਲੋਕਤੰਤਰ ਦੀ ਅਸਲ ਭਾਵਨਾ ਨੂੰ ਫ਼ਾਇਦਾ ਹੋਇਆ ਹੈ ਕਿਉਂਕਿ ਕਿਸੇ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।
ਬਸਪਾ ਵਲੋਂ ਚੋਣ ਕਮਿਸ਼ਨ ਦਾ ਧੰਨਵਾਦ
ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਦੀ ਤਰੀਕ ਅੱਗੇ ਪਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਮੂਹ ਬਹੁਜਨ ਸਮਾਜ ਪਾਰਟੀ ਚੋਣ ਕਮਿਸ਼ਨ ਦਾ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਨੂੰ ਅੱਗੇ ਵਧਾਉਣ ਨੂੰ ਲੈ ਕੇ ਬਸਪਾ ਵਲੋਂ ਸਭ ਤੋਂ ਪਹਿਲਾਂ ਫਗਵਾੜਾ ਐਸ.ਡੀ.ਐਮ ਦੇ ਜ਼ਰੀਏ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ।
ਸਾਂਪਲਾ ਵਲੋਂ ਸਵਾਗਤ
ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਤਰੀਕ ਅੱਗੇ ਕਰ ਕੇ 20 ਫਰਵਰੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਕੌਮੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਮੁੱਖ ਚੋਣ ਕਮਿਸ਼ਨਰ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸਾਂਪਲਾ ਨੇ ਮੁੱਖ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੋਟਾਂ ਦੀ ਤਰੀਕ ਅੱਗੇ ਕਰਨ ਦੀ ਮੰਗ ਕੀਤੀ ਸੀ।

                                                                 …………..…………Chief Editor Jasdeep Singh