Punjab Junction Weekly Newspaper / 04 November 2022
ਇਸਲਾਮਾਬਾਦ, -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਮਰਾਨ ਖ਼ਾਨ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਘਟਨਾ ਸੰਬੰਧੀ ਗ੍ਰਹਿ ਮੰਤਰੀ ਨੂੰ ਤਤਕਾਲ ਰਿਪੋਰਟ ਸੌਂਪਣ ਲਈ ਕਿਹਾ ਹੈ | ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਮੈਂ ਪੀ.ਟੀ.ਆਈ. ਚੇਅਰਮੈਨ ਇਮਰਾਨ ਖ਼ਾਨ ਤੇ ਹਮਲੇ ‘ਚ ਜ਼ਖ਼ਮੀ ਹੋਏ ਹੋਰਨਾਂ ਲੋਕਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ | ਇਸੇ ਦੌਰਾਨ ਪਾਕਿ ਰਾਸ਼ਟਰਪਤੀ ਆਰਿਫ਼ ਅਲਵੀ ਨੇ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਇਰਤਾ ਭਰਿਆ ਹਮਲਾ ਹੈ | ਉਨ੍ਹਾਂ ਕਿਹਾ ਕਿ ਅੱਲ੍ਹਾ ਸਾਰੇ ਜ਼ਖ਼ਮੀਆਂ ਨੂੰ ਜਲਦ ਸਿਹਤਯਾਬ ਕਰੇ | ਪਾਕਿਸਤਾਨੀ ਫ਼ੌਜ ਨੇ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕੀਤੀ ਹੈ | ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਘਟਨਾ ਦੇਸ਼ ਦੀ ਰਾਜਨੀਤੀ ‘ਚ ਵਧ ਰਹੀ ਹਿੰਸਾ ਨੂੰ ਪ੍ਰਗਟਾਉਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਸਾਡੀ ਰਾਜਨੀਤੀ ‘ਚ ਗਿਰਾਵਟ ਨੂੰ ਦਰਸਾਉਂਦੀ ਹੈ | ਸਾਰਾ ਦੇਸ਼ ਇਸ ਹਮਲੇ ਦੀ ਨਿੰਦਾ ਕਰਦਾ ਹੈ | ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਤੇ ਚੋਟੀ ਦੇ ਹੋਰਨਾਂ ਆਗੂਆਂ ਨੇ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ |
ਇਮਰਾਨ ਦੇ ਮਾਰਚ ਤੋਂ ਖ਼ਫਾ ਸੀ ਹਮਲਾਵਰ
ਪੁਲਿਸ ਵਲੋਂ ਹਮਲਾਵਰ ਤੋਂ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੇ ਲਾਹੌਰ ਤੋਂ ਲਾਂਗ ਮਾਰਚ ਸ਼ੁਰੂ ਕਰਨ ਦੇ ਸਮੇਂ ਤੋਂ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ | ਉਸ ਨੇ ਦੋਸ਼ ਲਗਾਇਆ ਕਿ ਇਮਰਾਨ ਖਾਨ ਲਾਂਗ ਮਾਰਚ ਦੀ ਆੜ ਵਿਚ ਪੂਰੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ | ਉਸ ਨੇ ਕਿਹਾ ਕਿ ਉਹ ਇਮਰਾਨ ਖ਼ਾਨ ਦੇ ਇਸ ਮਾਰਚ ਤੋਂ ਖ਼ਫ਼ਾ ਸੀ, ਇਸ ਲਈ ਉਸ ਨੇ ਉਨ੍ਹਾਂ ‘ਤੇ ਗੋਲੀ ਚਲਾਈ |
Chief Editor- Jasdeep Singh (National Award Winner)