ਨਹੀਂ ਰਹੇ ਮੁਲਾਇਮ ਸਿੰਘ ਯਾਦਵ

Punjab Junction Weekly Newspaper / 11 October 2022

ਨਵੀਂ ਦਿੱਲੀ,

-ਸਮਾਜਵਾਦੀ ਪਾਰਟੀ ਦੇ ਬਾਨੀ ਅਤੇ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਮੁਲਾਇਮ ਸਿੰਘ ਯਾਦਵ ਦਾ ਅੱਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਸਵੇਰੇ ਸਵਾ 8 ਵਜੇ ਦਿਹਾਂਤ ਹੋ ਗਿਆ। 82 ਸਾਲਾ ਯਾਦਵ ਦਾ 26 ਅਗਸਤ ਤੋਂ ਮੇਦਾਂਤਾ ‘ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਨੇ ਟਵਿੱਟਰ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਅਤੇ ਸਭ ਦੇ ਨੇਤਾ ਜੀ ਨਹੀਂ ਰਹੇ। ਮੁਲਾਇਮ ਸਿੰਘ ਯਾਦਵ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੈਫਈ ‘ਚ ਮੰਗਲਵਾਰ ਨੂੰ ਕੀਤਾ ਜਾਵੇਗਾ। ਅੰਤਿਮ ਦਰਸ਼ਨਾਂ ਲਈ ਯਾਦਵ ਦੀ ਮ੍ਰਿਤਕ ਦੇਹ ਮੰਗਲਵਾਰ ਦੁਪਹਿਰ ਤੱਕ ਰੱਖੀ ਜਾਏਗੀ, ਜਿਸ ਤੋਂ ਬਾਅਦ ਦੁਪਹਿਰ 3 ਵਜੇ ਪੂਰੇ ਰਾਜਸੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅੰਤਿਮ ਸੰਸਕਾਰ ਸਮੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੌਜੂਦ ਰਹਿਣਗੇ। ਮੁਲਾਇਮ ਸਿਘ ਯਾਦਵ ਦੀ ਮੌਤ ਦੀ ਖ਼ਬਰ ਸੁਣ ਕੇ ਕਈ ਸਿਆਸਤਦਾਨਾਂ ਨੇ ਹਸਪਤਾਲ ਪਹੁੰਚ ਕੇ ਹੀ ਅਫਸੋਸ ਦਾ ਪ੍ਰਗਟਾਵਾ ਕੀਤਾ। ਹਸਪਤਾਲ ਪਹੁੰਚਣ ਵਾਲਿਆਂ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਿਲ ਸਨ। ਅਮਿਤ ਸ਼ਾਹ ਨੇ ਮੁਲਾਇਮ ਸਿੰਘ ਯਾਦਵ ਦੇ ਬੇਟੇ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਭਰਾ ਸ਼ਿਵਪਾਲ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁਲਾਇਮ ਸਿੰਘ ਦੀ ਮ੍ਰਿਤਕ ਦੇਹ ਨੂੰ ਸੜਕੀ ਰਸਤੇ ਰਾਹੀਂ ਸੈਫਈ ਲੈ ਜਾਇਆ ਗਿਆ। ਯਾਦਵ ਦੇ ਪਿੰਡ ਸੈਫਈ ਜਾਣ ਲਈ ਇਕ ਵੱਡਾ ਕਾਫਲਾ ਸਵੇਰੇ ਤਕਰੀਬਨ ਸਾਢੇ 11 ਵਜੇ ਰਵਾਨਾ ਹੋਇਆ। ਜੋ ਕਿ ਸ਼ਾਮ ਤਕਰੀਬਨ ਸਾਢੇ 3 ਵਜੇ ਸੈਫਈ ਪਹੁੰਚਿਆ। ਸੈਫਈ ਪਹੁੰਚਣ ‘ਤੇ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਸਮਰਥਕਾਂ ਦਾ ਵੱਡਾ ਹਜੂਮ ਇਕੱਠਾ ਹੋਇਆ। ਅੰਤਿਮ ਦਰਸ਼ਨਾਂ ਲਈ ਯਾਦਵ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਰੱਖੀ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਗਲਵਾਰ ਨੂੰ ਸੈਫਈ ਪੰਡਾਲ ‘ਚ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਮੁਲਾਇਮ ਸਿੰਘ ਯਾਦਵ ਦਾ ਅੰਤਿਮ ਸੰਸਕਾਰ ਚੰਦਨ ਦੀ ਲੱਕੜ ਨਾਲ ਕੀਤਾ ਜਾਵੇਗਾ। ਸਸਕਾਰ ਲਈ ਚੰਦਨ ਦੀ ਲੱਕੜ ਅਤੇ ਫੁੱਲ ਕੋਨੋਜ ਤੋਂ ਮੰਗਵਾਏ ਗਏ ਹਨ।
ਯੂ.ਪੀ.-ਬਿਹਾਰ ‘ਚ ਰਾਜਸੀ ਸ਼ੋਕ
ਮੁਲਾਇਮ ਸਿੰਘ ਯਾਦਵ ਦੀ ਮੌਤ ਦੀ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ‘ਚ ਤਿੰਨ ਦਿਨਾਂ ਦੇ ਰਾਜਸੀ ਸ਼ੋਕ ਦਾ ਐਲਾਨ ਕੀਤਾ ਜਦਕਿ ਬਿਹਾਰ ‘ਚ ਇਕ ਦਿਨ ਦੇ ਸ਼ੋਕ ਦਾ ਐਲਾਨ ਕੀਤਾ।
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਸ਼ਰਧਾਂਜਲੀ
ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਕਈ ਸ਼ਖਸੀਅਤਾਂ ਨੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਯਾਦਵ ਦੇ ਦਿਹਾਂਤ ਨੂੰ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਦਸਦਿਆਂ ਕਿਹਾ ਕਿ ਸਾਧਾਰਨ ਪਰਿਵਾਰ ਤੋਂ ਆਏ ਮੁਲਾਇਮ ਸਿੰਘ ਯਾਦਵ ਦੀਆਂ ਉਪਲਬਧੀਆਂ ਬੇਮਿਸਾਲ ਸਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ‘ਧਰਤੀ ਪੁੱਤਰ’ ਦਸਦਿਆਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ ਇੰਨੀ ਇਨ੍ਹੀਂ ਗੁਜਰਾਤ ਦੇ ਤਿੰਨ ਦਿਨਾ ਦੌਰੇ ‘ਤੇ ਹਨ, ਨੇ ਭੁਰੂਚ ‘ਚ ਰੈਲੀ ਦੀ ਸ਼ੁਰੂਆਤ ‘ਚ ਹੀ ਨੇਤਾ ਜੀ ਨੂੰ ਯਾਦ ਕਰਦਿਆਂ ਦੋਹਾਂ ਦੀ ਸਾਂਝ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ (ਯਾਦਵ ਅਤੇ ਮੋਦੀ) ਮੁੱਖ ਮੰਤਰੀ ਵਜੋਂ ਮਿਲਦੇ ਸੀ ਅਤੇ ਦੋਵੇਂ ਇਕ ਦੂਜੇ ਪ੍ਰਤੀ ਆਪਣੇ-ਆਪ ਨੂੰ ਮਹਿਸੂਸ ਕਰਦੇ ਸਨ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ 2014 ‘ਚ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਤਾਂ ਉਨ੍ਹਾਂ ਵਿਰੋਧੀ ਧਿਰ ਦੇ ਜਾਣੇ ਪਹਿਚਾਣੇ ਲੋਕਾਂ ਤੋਂ ਅਸ਼ੀਰਵਾਦ ਲੈਣ ਸਮੇਂ ਜਦੋਂ ਮੁਲਾਇਮ ਸਿੰਘ ਯਾਦਵ ਨਾਲ ਮੁਲਾਕਾਤ ਕੀਤੀ, ਤਾਂ ਉਨ੍ਹਾਂ ਵਲੋਂ ਦਿੱਤੀ ਸਲਾਹ ਦੇ ਦੋ ਸ਼ਬਦ ਅੱਜ ਵੀ ਉਨ੍ਹਾਂ (ਮੋਦੀ) ਦੀ ਅਮਾਨਤ ਹਨ। ਪ੍ਰਧਾਨ ਮੰਤਰੀ ਨੇ ਭੁਰੂਚ ਰੈਲੀ ‘ਚ ਯਾਦ ਕਰਨ ਤੋਂ ਇਲਾਵਾ ਟਵਿੱਟਰ ‘ਤੇ ਵੀ ਯਾਦਵ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਲੜੀਵਾਰ ਟਵੀਟਾਂ ‘ਚ ਯਾਦਵ ਦੀ ਮੌਤ ‘ਤੇ ਅਫਸੋਸ ਪ੍ਰਗਟਾਉਂਦਿਆਂ ਦੋਹਾਂ ਆਗੂਆਂ ਦੀ ਸਾਂਝ ਦਰਸਾਉਂਦੀਆਂ 8 ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਮੋਦੀ ਨੇ ਉਨ੍ਹਾਂ ਨੂੰ ਲੋਕਤੰਤਰ ਦੇ ਅਹਿਮ ਸੈਨਿਕ ਦਸਦਿਆਂ ਕਿਹਾ ਕਿ ਯਾਦਵ ਨੇ ਉੱਤਰ ਪ੍ਰਦੇਸ਼ ਅਤੇ ਰਾਸ਼ਟਰੀ ਸਿਆਸਤ ‘ਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਰੱਖਿਆ ਮੰਤਰੀ ਵਜੋਂ ਇਕ ਮਜ਼ਬੂਤ ਭਾਰਤ ਲਈ ਕੰਮ ਕੀਤਾ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੋਕ ਸੰਦੇਸ਼ ‘ਚ ਯਾਦਵ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਮਾਜਵਾਦੀ ਵਿਚਾਰਾਂ ਦੀ ਇਕ ਬੁਲੰਦ ਅਵਾਜ਼ ਅੱਜ ਖਾਮੋਸ਼ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਰੱਖਿਆ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਮੁਲਾਇਮ ਸਿੰਘ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਕਦਰਾਂ ਦੀ ਰਾਖੀ ਲਈ ਜਦੋਂ ਵੀ ਲੋੜ ਪਈ, ਉਨ੍ਹਾਂ ਦਾ ਸਾਥ ਹਮੇਸ਼ਾ ਕਾਂਗਰਸ ਨੂੰ ਮਿਲਿਆ। ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਯਾਦਵ ਨੂੰ ਜ਼ਮੀਨੀ ਸਿਆਸਤ ਨਾਲ ਜੁੜੇ ਸੱਚੇ ਨੇਤਾ ਕਰਾਰ ਦਿੰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯਾਦਵ ਦੇ ਦਿਹਾਂਤ ਨੂੰ ਭਾਰਤੀ ਸਿਆਸਤ ਦੇ ਇਕ ਯੁੱਗ ਦਾ ਅੰਤ ਦਸਦਿਆਂ ਕਿਹਾ ਕਿ ਐਮਰਜੈਂਸੀ ਦੌਰਾਨ ਉਨ੍ਹਾਂ ਨੇ ਲੋਕਤੰਤਰ ਲਈ ਜੋ ਬੁਲੰਦ ਅਵਾਜ਼ ਉਠਾਈ। ਉਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ, ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਆਰ. ਜੇ. ਡੀ. ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲ ਪ੍ਰਸਾਦ ਯਾਦਵ ਨੇ ਮੁਲਾਇਮ ਸਿੰਘ ਨੂੰ ਸਮਾਜਵਾਦੀ ਬਾਬਾ ਬੋਹੜ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਸਿਆਸਤ ‘ਚ ਪਛੜੇ ਤਬਕਿਆਂ ਨੂੰ ਅਗਲੇਰੀ ਕਤਾਰ ‘ਚ ਲਿਆਉਣ ਦੇ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਉਂਦਿਆਂ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਨੂੰ ਚਿੱਠੀ ਲਿੱਖੀ। ਡਾ. ਸਿੰਘ ਨੇ ਮੁਲਾਇਮ ਸਿੰਘ ਨੂੰ ਯਾਦ ਕਰਦਿਆਂ ਲਿਖਿਆ ਕਿ ਉਹ ਉੱਚ ਸਨਮਾਨ ਦੇ ਨੇਤਾ ਸਨ, ਜਿਨ੍ਹਾਂ ਦਾ ਹਰ ਕੋਈ ਆਦਰ ਕਰਦਾ ਸੀ। ਉਨ੍ਹਾਂ ਪਰਮਾਤਮਾ ਅੱਗੇ ਅਖਿਲੇਸ਼ ਅਤੇ ਹੋਰ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਣ ਦੀ ਪ੍ਰਾਥਨਾ ਕੀਤੀ।
ਸਪੀਕਰ ਸੰਧਵਾਂ ਵਲੋਂ ਦੁੱਖ ਪ੍ਰਗਟ
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸੰਧਵਾਂ ਨੇ ਕਿਹਾ ਕਿ ਮੁਲਾਇਮ ਸਿੰਘ ਯਾਦਵ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ। ਉਨ੍ਹਾਂ ਕਿਹਾ ਕਿ ਯਾਦਵ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ-ਹਿਤਾਂ ਦੀ ਰਾਖੀ ਲਈ ਆਪਣਾ ਸਮੁੱਚਾ ਜੀਵਨ ਲਾਇਆ ਤੇ ਭਾਰਤ ਦੀ ਰਾਜਨੀਤੀ ‘ਤੇ ਇਕ ਵੱਖਰੀ ਛਾਪ ਛੱਡੀ।
ਘਾਟਾ ਕਦੇ ਪੂਰਾ ਨਹੀਂ ਹੋ ਸਕਦਾ-ਬਾਜਵਾ
ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਖੇਤਰੀ ਅਤੇ ਰਾਸ਼ਟਰੀ ਰਾਜਨੀਤੀ ‘ਚ ਇਕ ਮਹਾਨ ਸਿਆਸਤਦਾਨ ਸਨ। ਸਿਆਸੀ ਅਤੇ ਸਮਾਜਿਕ ਖੇਤਰ ਵਿਚ ਉਨ੍ਹਾਂ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ।
ਹਰਿਆਣਾ ਦੇ ਰਾਜਪਾਲ ਤੇ ਖੱਟਰ ਵਲੋਂ ਸ਼ਰਧਾਂਜਲੀ
ਚੰਡੀਗੜ੍ਹ, (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪੁਰਾਣੀ ਪੀੜੀ ਦੇ ਤਜ਼ਰਬੇਕਾਰ ਨੇਤਾ ਨੂੰ ਗੁਆ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਬਕਾ ਰੱਖਿਆ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ ਹੈ।
‘ਪਹਿਲਵਾਨ ਤੋਂ ਸਿਆਸਤ ਤੱਕ ਦਾ ਸਫ਼ਰ’
8 ਸਾਲ ਮੁੱਖ ਮੰਤਰੀ, 2 ਸਾਲ ਰੱਖਿਆ ਮੰਤਰੀ, 21 ਸਾਲ ਸੰਸਦ ਮੈਂਬਰ ਅਤੇ 25 ਸਾਲ ਵਿਧਾਇਕ ਰਹੇ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ 82 ਸਾਲ ਦੀ ਉਮਰ ‘ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਜ਼ਮੀਨੀ ਸਿਆਸਤ ਨਾਲ ਜੁੜੇ ਮੁਲਾਇਮ ਸਿੰਘ ਦਾ ਜਨਮ 22 ਨਵੰਬਰ, 1939 ਨੂੰ ਉੱਤਰ ਪ੍ਰਦੇਸ਼ ਦੇ ਸੈਫਈ ‘ਚ ਹੋਇਆ। 55 ਸਾਲ ਦੀ ਸਿਆਸਤ ਹੰਢਾਉਣ ਵਾਲੇ ਯਾਦਵ ਸਿਰਫ਼ ਸਿਆਸਤਦਾਨ ਹੀ ਨਹੀਂ, ਸਗੋਂ ਉਸ ਤੋਂ ਪਹਿਲਾਂ ਕੁਸ਼ਤੀ ਲੜਦੇ ਸਨ ਅਤੇ ਕੁਝ ਸਮੇਂ ਲਈ ਇਕ ਕਾਲਜ ‘ਚ ਅਧਿਆਪਕ ਵੀ ਰਹੇ। ਕਿਸਾਨ ਪਰਿਵਾਰ ‘ਚ ਪੈਦਾ ਹੋਏ ਯਾਦਵ ਪੜ੍ਹਾਈ ਦੇ ਸਮੇਂ ‘ਚ ਪਹਿਲਵਾਨੀ ਦਾ ਸ਼ੌਕ ਰੱਖਦੇ ਸੀ। 1954 ‘ਚ ਸਿਰਫ਼ 15 ਸਾਲ ਦੀ ਉਮਰ ‘ਚ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਦੇ ਸੱਦੇ ‘ਤੇ ਉਹ ਨਹਿਰ ਰੇਟ ਅੰਦੋਲਨ ‘ਚ ਪਹਿਲੀ ਵਾਰ ਜੇਲ੍ਹ ਗਏ। ਆਗਰਾ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ‘ਚ ਡਿਗਰੀ ਲੈਣ ਤੋਂ ਬਾਅਦ ਉਹ ਇੰਟਰ ਕਾਲਜ ‘ਚ ਅਧਿਆਪਕ ਬਣੇ। ਪਰ ਰਸਮੀ ਤੌਰ ‘ਤੇ ਉਨ੍ਹਾਂ 1967 ‘ਚ ਸਿਆਸਤ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਅਤੇ ਜਸਵੰਤ ਨਗਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। ਉਸ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਮਾਜਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਅਤੇ ਸਮਾਜਵਾਦੀ ਪਾਰਟੀ ਦੇ ਮੋਢੀ ਮੁਲਾਇਮ ਸਿੰਘ ਯਾਦਵ ਇਸ ਤੋਂ ਪਹਿਲਾਂ ਤਿੰਨ ਪਾਰਟੀਆਂ ਨਾਲ ਜੁੜ ਚੁੱਕੇ ਸਨ। ਉਨ੍ਹਾਂ ਦੀ ਪਹਿਲੀ ਪਾਰਟੀ ਸੰਯੁਕਤ ਸੋਸ਼ਲਿਸਟ ਪਾਰਟੀ ਸੀ। ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਭਾਰਤੀ ਕ੍ਰਾਂਤੀ ਦੂਜੀ ਪਾਰਟੀ ਸੀ, ਜਿਸ ‘ਚ ਉਹ 1968 ‘ਚ ਸ਼ਾਮਿਲ ਹੋਏ ਸਨ। ਚਰਨ ਸਿੰਘ ਦੀ ਪਾਰਟੀ ਦੇ ਨਾਲ ਜਦੋਂ ਸੰਯੁਕਤ ਸੋਸ਼ਲਿਸਟ ਪਾਰਟੀ ਦਾ ਰਲੇਵਾਂ ਹੋਇਆ ਤਾਂ ਇਹ ਉਨ੍ਹਾਂ ਦੀ ਤੀਜੀ ਸਿਆਸੀ ਪਾਰਟੀ ਸੀ। 28 ਸਾਲ ਦੀ ਉਮਰ ‘ਚ ਵਿਧਾਇਕ ਬਣਨ ਵਾਲੇ ਮੁਲਾਇਮ ਸਿੰਘ ਦਾ ਕੋਈ ਸਿਆਸੀ ਪਿਛੋਕੜ ਨਹੀਂ ਸੀ। ਪਰ ਉਨ੍ਹਾਂ ਦੇ ਜਾਣ ਦੇ ਸਮੇਂ ਉਨ੍ਹਾਂ ਦਾ ਤਕਰੀਬਨ ਪੂਰਾ ਪਰਿਵਾਰ ਸਿਆਸਤ ਨਾਲ ਜੁੜਿਆ ਹੋਇਆ ਹੈ, ਜਿਸ ‘ਚ ਉਨ੍ਹਾਂ ਦੇ ਭਰਾ ਸ਼ਿਵ ਪਾਲ ਯਾਦਵ, ਉਨ੍ਹਾਂ ਦੇ ਬੇਟੇ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਉਨ੍ਹਾਂ ਦੀਆਂ ਦੋਵੇਂ ਨੂੰਹਾਂ ਡਿੰਪਲ ਯਾਦਵ ਅਤੇ ਅਪਰਣਾ ਯਾਦਵ ਸਿਆਸਤ ‘ਚ ਚੰਗਾ ਮੁਕਾਮ ਰੱਖਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਭਤੀਜੇ ਅਤੇ ਹੋਰ ਤਕਰੀਬਨ 25 ਰਿਸ਼ਤੇਦਾਰ ਵੀ ਸੂਬਾਈ ਸਿਆਸਤ ‘ਚ ਕਾਫੀ ਸਰਗਰਮ ਹਨ। ਮੁਲਾਇਮ ਸਿੰਘ 1967 ਤੋਂ ਲੈ ਕੇ 1996 ਤੱਕ 8 ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ। 1982 ਤੋਂ 87 ਤੱਕ ਵਿਧਾਨ ਪਰਿਸ਼ਦ ਦੇ ਵੀ ਮੈਂਬਰ ਰਹੇ। 1996 ‘ਚ ਉਨ੍ਹਾਂ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਉਹ 7 ਵਾਰ ਹੋਰ ਲੋਕਸਭਾ ਪਹੁੰਚੇ। ਦਿਹਾਂਤ ਦੇ ਸਮੇਂ ਵੀ ਉਹ ਲੋਕ ਸਭਾ ਮੈਂਬਰ ਸਨ। 1989 ‘ਚ ਉੱਤਰ ਪ੍ਰਦੇਸ਼ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਅਤੇ 1993-95 ‘ਚ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। 2003 ‘ਚ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ ਚਾਰ ਸਾਲ ਅਹੁਦੇ ‘ਤੇ ਰਹੇ। 1996 ‘ਚ ਦੇਵਗੌੜਾ ਸਰਕਾਰ ‘ਚ ਉਹ ਰੱਖਿਆ ਮੰਤਰੀ ਵੀ ਬਣੇ। ਮੁਲਾਇਮ ਸਿੰਘ ਯਾਦਵ ਨੇ 2017 ‘ਚ ਆਪਣੇ ਵੱਡੇ ਬੇਟੇ ਅਖਿਲੇਸ਼ ਯਾਦਵ ਨੂੰ ਸਮਾਜਵਾਦੀ ਪਾਰਟੀ ਦੀ ਵਾਗਡੋਰ ਸੌਂਪ ਦੇ ਦਿੱਤੀ ਸੀ।

Chief Editor- Jasdeep Singh  (National Award Winner)