Punjab Junction Newspaper | 26 January 2022
ਐੱਸ. ਏ. ਐੱਸ. ਨਗਰ,
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਚੋਣਾਂ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਪਾਕਿਸਤਾਨ ਤੋਂ ਸਿਫ਼ਾਰਸ਼ ਆਉਣ ਦੇ ਕੀਤੇ ਖ਼ੁਲਾਸੇ ਬਾਰੇ ਕੈਪਟਨ ਦੀ ਤਿੱਖੀ ਆਲੋਚਨਾ ਕਰਦਿਆਂ ਕੈਪਟਨ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਫ਼ੋਨ ਅਤੇ ਮੈਸੇਜ਼ ਆਏ ਸਨ ਤਾਂ ਐਨੇ ਸਾਲਾਂ ਤੱਕ ਕੈਪਟਨ ਨੇ ਇਸ ਗੱਲ ਨੂੰ ਕਿਉਂ ਛੁਪਾ ਕੇ ਰੱਖਿਆ? ਉਨ੍ਹਾਂ ਸਵਾਲ ਕੀਤਾ ਕਿ ਕੀ ਕੈਪਟਨ ਪਾਕਿਸਤਾਨ ਦੇ ਕਹਿਣ ‘ਤੇ ਹੀ ਨਵਜੋਤ ਸਿੰਘ ਸਿੱਧੂ ਨੂੰ ਦੋਬਾਰਾ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਰਹੇ ਸਨ? ਭਗਵੰਤ ਮਾਨ ਅੱਜ ਪਾਰਟੀ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕੈਪਟਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਕਿਸਤਾਨੀ ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਦੇ ਘਰ ‘ਚ ਰਹਿੰਦਾ ਸੀ ਅਤੇ ਸਿਰਫ਼ ਮੰਤਰੀ ਹੀ ਨਹੀਂ, ਸੂਬੇ ਦੇ ਡੀ. ਜੀ. ਪੀ. ਅਤੇ ਮੁੱਖ ਸਕੱਤਰ ਵੀ ਉਹ ਪਾਕਿਸਤਾਨ ਤੋਂ ਪੁੱਛ ਕੇ ਹੀ ਨਿਯੁਕਤ ਕਰਦੇ ਸਨ |