ਕ੍ਰਿਕਟ ‘ਚ ਕੁੜੀਆਂ ਤੇ ਹਾਕੀ ‘ਚ ਮੁੰਡੇ ਫਾਈਨਲ ‘ਚ

Punjab Junction Newspaper | 08 August 2022

ਕ੍ਰਿਕਟ ‘ਚ ਕੁੜੀਆਂ ਤੇ ਹਾਕੀ ‘ਚ ਮੁੰਡੇ ਫਾਈਨਲ ‘ਚ
ਬਰਮਿੰਘਮ, -ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਪਹਿਲਵਾਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਦੂਸਰੇ ਦਿਨ ਵੀ ਜਾਰੀ ਰਿਹਾ। ਰਵੀ ਦਾਹੀਆ, ਵਿਨੇਸ਼ ਫੋਗਾਟ ਤੇ ਨਵੀਨ ਨੇ ਆਪਣੇ-ਆਪਣੇ ਭਾਰ ਵਰਗ ‘ਚ ਤਿੰਨ ਸੋਨ ਤਗਮੇ ਜਿੱਤੇ। ਪੈਰਾ ਟੇਬਲ ਟੈਨਿਸ ‘ਚ ਭਾਵਿਨਾ ਪਟੇਲ ਨੇ ਵੀ ਸੋਨ ਤਗਮਾ ਹਾਸਲ ਕੀਤਾ। ਭਾਰਤ ਨੂੰ ਸਨਿਚਰਵਾਰ ਨੂੰ 4 ਸੋਨ ਤਗਮੇ ਹਾਸਲ ਹੋਏ। ਦੂਜੇ ਪਾਸੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੇਜ਼ਬਾਨ ਇੰਗਲੈਂਡ ਨੂੰ ਸੈਮੀਫਾਈਨਲ ‘ਚ ਹਰਾ ਕੇ ਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚਿਆ।
ਦੂਜੇ ਪਾਸੇ ਪੂਜਾ ਗਹਿਲੋਤ ਨੇ ਮਹਿਲਾ 50 ਕਿਲੋਗ੍ਰਾਮ ‘ਚ ਕਾਂਸੀ ਦਾ ਤਗਮਾ ਹਾਸਲ ਕੀਤਾ। ਟੋਕੀਓ ਉਲੰਪਿਕ ‘ਚ ਚਾਂਦੀ ਦਾ ਤਗਮਾ ਜੇਤੂ ਰਵੀ ਦਾਹੀਆ ਨੇ 57 ਕਿਲੋਗ੍ਰਾਮ ਫਾਈਨਲ ‘ਚ ਨਾਈਜੀਰੀਆ ਦੇ ਵੈਲਸਨ ਐਬੀਕੇਵੇਨਿਮੋ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2014 ਤੇ 2018 ਦੀ ਸੋਨ ਤਗਮਾ ਜੇਤੂ ਵਿਨੇਸ਼ ਫੋਗਾਟ ਨੇ ਮਹਿਲਾ 53 ਕਿਲੋਗ੍ਰਾਮ ਫਾਈਨਲ ‘ਚ ਸ੍ਰੀਲੰਕਾ ਦੀ ਚਮੋਦਿਆ ਕੇਸ਼ਾਨੀ ਚਿੱਤ ਕਰਕੇ ਸੋਨ ਤਗਮਾ ਹਾਸਿਲ ਕੀਤਾ। ਇਸ ਦੇ ਨਾਲ ਹੀ ਉਸ ਨੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਿਆਂ ਦੀ ਹੈਟ੍ਰਿਕ ਪੂਰੀ ਕਰ ਲਈ ਹੈ। ਪਹਿਲਵਾਨ ਨਵੀਨ ਨੇ 74 ਕਿਲੋਗ੍ਰਾਮ ਭਾਰ ਵਰਗ ‘ਚ ਪਾਕਿਸਤਾਨ ਦੇ ਮੁਹਹੰਮਦ ਸ਼ਰੀਫ ਤਾਹਿਰ ਨੂੰ 9-0 ਨਾਲ ਹਾਰ ਦੇ ਕੇ ਸੋਨਾ ਹਾਸਿਲ ਕੀਤਾ। ਪਹਿਲਵਾਨ ਪੂਜਾ ਗਹਿਲੋਤ ਨੇ 50 ਕਿਲੋਗ੍ਰਾਮ ਦੇ ਕਾਂਸਾ ਤਗਮਾ ਮੈਚ ‘ਚ ਸਕਾਟਲੈਂਡ ਦੀ ਕ੍ਰਿਸਟੇਲ ਲੇਮੋਫੇਕ ਨੂੰ ਹਾਰ ਦਿੱਤੀ।
ਤਿੰਨ ਚਾਂਦੀ ਦੇ ਤਗਮੇ ਵੀ ਜਿੱਤੇ
ਭਾਰਤ ਨੇ ਸਨਿਚਰਵਾਰ ਨੂੰ ਤਿੰਨ ਚਾਂਦੀ ਦੇ ਤਗਮੇ ਵੀ ਆਪਣੇ ਨਾਂਅ ਕੀਤੇ। ਚਾਂਦੀ ਦਾ ਪਹਿਲਾ ਤਗਮਾ 10 ਹਜ਼ਾਰ ਪੈਦਲ ਚਾਲ ‘ਚ ਪ੍ਰਿਅੰਕਾ ਗੋਸਵਾਮੀ ਵਲੋਂ ਆਪਣੇ ਨਾਂਅ ਕੀਤਾ ਗਿਆ, ਦੂਸਰਾ ਚਾਂਦੀ ਦਾ ਤਗਮਾ 3000 ਅੜਿੱਕਾ ਦੌੜ (ਹਰਡਲ ਰੇਸ) ਵਿਚ ਅਵਿਨਾਸ਼ ਸਾਬਲੇ ਨੇ ਅਤੇ ਤੀਸਰਾ ਚਾਂਦੀ ਦਾ ਤਗਮਾ ਲਾਅਨ ਬਾਅਲ ਵਿਚ ਭਾਰਤੀ ਪੁਰਸ਼ ਟੀਮ ਨੇ ਟੀਮ ਨੇ ਜਿੱਤਿਆ। ਜਾਣਕਾਰੀ ਅਨੁਸਾਰ ਭਾਰਤ ਦੀ ਲਾਅਨ ਬਾਲ ਦੀ ਟੀਮ ਫਾਈਨਲ ਵਿਚ ਆਇਰਲੈਂਡ ਕੋਲੋਂ ਹਾਰ ਗਈ। ਸਾਬਲੇ ਨੇ ਜਿੱਥੇ ਚਾਂਦੀ ਦਾ ਤਗਮਾ ਜਿੱਤਿਆ, ਉੱਥੇ ਉਸ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ ਵੀ ਤੋੜਿਆ। ਉੱਧਰ ਗੋਸਵਾਮੀ ਅਜਿਹੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ, ਜਿਸ ਨੇ 10 ਹਜ਼ਾਰ ਪੈਦਲ ਚਾਲ ‘ਚ ਕੋਈ ਤਗਮਾ ਜਿੱਤਿਆ ਹੋਵੇ।
ਮੁੱਕੇਬਾਜ਼ੀ ‘ਚ ਜੈਸਮੀਨ ਨੂੰ ਕਾਂਸੀ
ਭਾਰਤ ਦੀ ਮੁੱਕੇਬਾਜ਼ ਜੈਸਮੀਨ ਲੰਬੋਰੀਆ ਨੇ ਸਨਿਚਰਵਾਰ ਨੂੰ ਕਾਂਸੀ ਦਾ ਤਗਮਾ ਜਿੱਤਿਆ। 20 ਸਾਲਾ ਜੈਸਮੀਨ ਨੇ 60 ਕਿਲੋ ਭਾਰ ਵਰਗ ‘ਚ ਇਹ ਤਗਮਾ ਜਿੱਤਿਆ ਹੈ। ਮੁੱਕੇਬਾਜ਼ੀ ‘ਚ ਰੋਹਿਤ ਅਤੇ ਮੁਹੰਮਦ ਨਿਜ਼ਾਮੂਦੀਨ ਨੇ ਕਾਂਸੀ ਦੇ ਤਗਮੇ ਹਾਸਿਲ ਕੀਤੇ।
ਕੁਸ਼ਤੀ ‘ਚ ਕਾਂਸੀ ਤਗਮੇ
ਕੁਸ਼ਤੀ ‘ਚ ਦੀਪਕ ਨੇਹਰਾ, ਪੂਜਾ ਸਿਹਾਗ, ਪੂਜਾ ਗਹਿਲੋਤ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਇਸ ਤੋਂ ਇਲਾਵਾ ਪੈਰਾ-ਅਥਲੀਟ ਸੋਨਲ ਬੇਨ ਪਟੇਲ ਨੇ ਟੇਬਲ ਟੈਨਿਸ ‘ਚ ਕਾਂਸੀ ਦਾ ਤਗਮਾ ਹਾਸਿਲ ਕੀਤਾ।

………….Tejinder Teji (UK)