ਆਪਣੇ ਵਿਧਾਇਕ ਨੂੰ ਬਚਾਉਣ ‘ਤੇ ਲੱਗੀ ਸਰਕਾਰ-ਬਾਜਵਾ

Punjab Junction Weekly Newspaper / 18 February 2023

ਚੰਡੀਗੜ੍ਹ,

ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੇ ਕਥਿਤ ਪੀ. ਏ. ਨਾਲ ਸੰਬੰਧਿਤ ਰਿਸ਼ਵਤ ਕਾਂਡ ‘ਚ ਸੂਬੇ ਦੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ | ਸਿਆਸੀ ਪਾਰਟੀਆਂ ਨੇ ਇਸ ਮਾਮਲੇ ‘ਚ ਸਰਕਾਰ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ‘ਆਪ’ ਵਿਧਾਇਕ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਿ੍ਸ਼ਟਾਚਾਰ ‘ਆਪ’ ਦੇ ਖੂਨ ‘ਚ ਹੈ ਪਰ ਇਸ ਦਾ ਪਤਾ ਆਉਣ ਵਾਲੇ ਸਮੇਂ ‘ਚ ਲੱਗੇਗਾ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇੰਨੀ ਹੀ ਇਮਾਨਦਾਰ ਹੈ ਤਾਂ ‘ਆਪ’ ਵਿਧਾਇਕ ਅਮਿਤ ਰਤਨ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਇਸ ਮਾਮਲੇ ‘ਚ 3 ਮਾਰਚ ਤੋਂ ਹੋਣ ਵਾਲੇ ਵਿਧਾਨ ਸਭਾ ਇਜਲਾਸ ‘ਚ ਵੀ ਹੰਗਾਮਾ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ | ਸ. ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ 3 ਮਾਰਚ ਤੋਂ ਬੁਲਾਇਆ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਵਿਧਾਇਕ ਅਮਿਤ ਰਤਨ ਦੀ ਗਿ੍ਫ਼ਤਾਰੀ ਕੀਤੀ ਜਾਵੇ, ਤਾਂ ਜੋ ਇਜਲਾਸ ‘ਚ ਕੋਈ ਹੰਗਾਮਾ ਨਾ ਹੋਵੇ | ਇਸ ਮੌਕੇ ਉਨ੍ਹਾਂ ਨਾਲ ਡਾ: ਰਾਜ ਕੁਮਾਰ ਚੱਬੇਵਾਲ ਵੀ ਹਾਜ਼ਰ ਸਨ |

Chief Editor- Jasdeep Singh  (National Award Winner)