‘ਆਪ’ ਦੀ ਸਰਕਾਰ ਬਣਨ ‘ਤੇ ਦਿੱਲੀ ਵਾਂਗ ਪੰਜਾਬ ‘ਚ ਵੀ ਜਨਤਾ ਦੀ ਸਲਾਹ ਨਾਲ ਬਜਟ ਤਿਆਰ ਕਰਾਂਗੇ-ਕੇਜਰੀਵਾਲ

Punjab Junction Newspaper | 25 January 2022

ਚੰਡੀਗੜ੍ਹ,

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ ‘ਚ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੂਬੇ ਦਾ ਸਾਲਾਨਾ ਵਿੱਤੀ ਬਜਟ ਵੀ ਪੰਜਾਬ ਦੇ ਲੋਕਾਂ ਨਾਲ ਸਲਾਹ ਕਰਕੇ ਹੀ ਤਿਆਰ ਕੀਤਾ ਜਾਵੇਗਾ | ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ‘ਚ ਉਨ੍ਹਾਂ ਦੀ ਸਰਕਾਰ ਇਸ ਤਰ੍ਹਾਂ ਹੀ ਬਜਟ ਤਿਆਰ ਕਰਦੀ ਹੈ | ਇਕ ਬਿਆਨ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ‘ਆਪ’ ਸਰਕਾਰ ਨੇ ਅਗਲੇ ਵਿੱਤੀ ਸਾਲ 2022-23 ਦੇ ਬਜਟ ਲਈ ਸਲਾਹ-ਮਸ਼ਵਰਾ ਸ਼ੁਰੂ ਕਰ ਦਿੱਤਾ ਹੈ | ਬਜਟ ਤਿਆਰ ਕਰਨ ਲਈ ਦਿੱਲੀ ਵਾਸੀਆਂ ਅਤੇ ਵਪਾਰੀਆਂ-ਕਾਰੋਬਾਰੀਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ | ਪੰਜਾਬ ਦਾ ਬਜਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਵਪਾਰੀਆਂ-ਕਾਰੋਬਾਰੀਆਂ, ਕਿਸਾਨਾਂ-ਮਜ਼ਦੂਰਾਂ, ਔਰਤਾਂ, ਨੌਜਵਾਨਾਂ-ਬਜ਼ੁਰਗਾਂ ਤੇ ਮੁਲਾਜ਼ਮਾਂ ਸਮੇਤ ਸਾਰੇ ਵਰਗਾਂ ਦੀ ਰਾਏ ਜ਼ਰੂਰ ਲਈ ਜਾਵੇਗੀ | ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਅਤੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੀਟਿੰਗ ਦੌਰਾਨ ਮਿਲੇ ਸੁਝਾਵਾਂ ਨੂੰ ਬਜਟ ‘ਚ ਸ਼ਾਮਿਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ | ਸੂਬੇ ਦੇ ਅਣਗੌਲੇ ਅਤੇ ਵਾਂਝੇ ਵਰਗਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਸਰਕਾਰ ਤੱਕ ਪਹੁੰਚਾਉਣ ਦਾ ਮੌਕਾ ਮਿਲੇਗਾ ਤੇ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਜਟ ਅਤੇ ਯੋਜਨਾਵਾਂ ‘ਚ ਉਨ੍ਹਾਂ ਦੀ ਰਾਏ ਤੇ ਸੁਝਾਅ ਸ਼ਾਮਿਲ ਕਰੇਗੀ | ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਸਰਕਾਰ ਦਾ ਇਹ ਬਜਟ ‘ਸਵਰਾਜ ਬਜਟ’ ਹੈ | ਇਸ ਤਹਿਤ ਦਿੱਲੀ ਦੇ ਆਮ ਲੋਕਾਂ ਅਤੇ ਵਪਾਰੀਆਂ-ਕਾਰੋਬਾਰੀਆਂ ਨੂੰ ਸੂਬੇ ਦਾ ਬਜਟ ਤਿਆਰ ਕਰਨ ‘ਚ ਭਾਗੀਦਾਰ ਬਣਾਇਆ ਜਾਵੇਗਾ ਤੇ ਉਨ੍ਹਾਂ ਦੀ ਰਾਏ ਤੇ ਸੁਝਾਅ ਅਗਲੇ ਸਾਲ ਦੇ ਸਾਲਾਨਾ ਬਜਟ ‘ਚ ਸ਼ਾਮਿਲ ਕੀਤੇ ਜਾਣਗੇ |

                                                                 …………..…………Chief Editor Jasdeep Singh