ਲਾਹੌਰ ਦੇ ਅਨਾਰਕਲੀ ਬਾਜ਼ਾਰ ‘ਚ ਧਮਾਕਾ-4 ਮੌਤਾਂ, 28 ਜ਼ਖ਼ਮੀ

Punjab Junction Newspaper | 21 January 2022

ਅੰਮਿ੍ਤਸਰ,

-ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਸੜਕ ਕਿਨਾਰੇ ਲੱਗੇ ਸਟਾਲ ‘ਤੇ ਧਮਾਕਾ ਹੋਣ ਕਾਰਨ ਇਕ ਬੱਚੇ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ | ਇਸ ਧਮਾਕੇ ‘ਚ 28 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ | ਜ਼ਖ਼ਮੀਆਂ ਨੂੰ ਸਰਕਾਰੀ ਮੇਓ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਹਸਪਤਾਲ ਦੇ ਅਧਿਕਾਰੀਆਂ ਨੇ ਜ਼ਖ਼ਮੀਆਂ ‘ਚੋਂ 7-8 ਦੀ ਹਾਲਤ ਗੰਭੀਰ ਦੱਸੀ ਹੈ | ਇਸ ਹਮਲੇ ਦੇ ਪਿੱਛੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਕੁਝ ਦਿਨ ਪਹਿਲਾਂ ਪਾਕਿ ਫ਼ੌਜ ਨੇ ਅਫ਼ਗਾਨਿਸਤਾਨ ‘ਚ ਦਾਖਲ ਹੋ ਕੇ ਟੀ.ਟੀ.ਪੀ. ਦੇ ਇਕ ਚੋਟੀ ਦੇ ਕਮਾਂਡਰ ਖ਼ਾਲਿਦ ਬਟਲੀ ਉਰਫ਼ ਮੁਹੰਮਦ ਖੁਰਾਸਾਨੀ ਨੂੰ ਮਾਰ ਦਿੱਤਾ ਸੀ | ਮੌਕੇ ‘ਤੇ ਪਹੁੰਚੇ ਲਾਹੌਰ ਦੇ ਡੀ.ਆਈ.ਜੀ. ਡਾ: ਮੁਹੰਮਦ ਆਬਿਦ ਖ਼ਾਨ ਨੇ ਦੱਸਿਆ ਕਿ ਧਮਾਕੇ ਦੀ ਤੀਬਰਤਾ ਏਨੀ ਜ਼ਿਆਦਾ ਸੀ ਕਿ ਆਸ-ਪਾਸ ਦੀਆਂ ਦੁਕਾਨਾਂ ਤੇ ਇਮਾਰਤਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ | ਮੌਕੇ ‘ਤੇ ਖੜ੍ਹੇ ਕਈ ਮੋਟਰਸਾਈਕਲ ਵੀ ਨੁਕਸਾਨੇ ਗਏ | ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ | ਹਾਲਾਂਕਿ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਧਮਾਕੇ ਕਾਰਨ ਜ਼ਮੀਨ ‘ਚ 1.5 ਫੁੱਟ ਡੂੰਘਾ ਟੋਆ ਪੈ ਗਿਆ | ਅਨਾਰਕਲੀ ਬਾਜ਼ਾਰ ਲਾਹੌਰ ਦਾ ਬਹੁਤ ਭੀੜ ਵਾਲਾ ਇਲਾਕਾ ਹੈ ਅਤੇ ਹਰ ਰੋਜ਼ ਲੱਖਾਂ ਲੋਕ ਇੱਥੇ ਖ਼ਰੀਦਦਾਰੀ ਕਰਨ ਆਉਂਦੇ ਹਨ | ਧਮਾਕੇ ਦੇ ਸਮੇਂ ਵੀ ਬਾਜ਼ਾਰ ‘ਚ ਕਾਫੀ ਲੋਕ ਮੌਜੂਦ ਸਨ | ਪੁਲਿਸ ਨੇ ਦਾਅਵਾ ਕੀਤਾ ਹੈ ਕਿ ਟੀ.ਟੀ.ਪੀ. ਅੱਤਵਾਦੀਆਂ ਨੇ ਲਾਹੌਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਜਨਤਕ ਸਥਾਨਾਂ ‘ਤੇ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਸੀ | ਧਮਾਕੇ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ ‘ਚ ਸੁਰੱਖਿਆ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਲਿਆ | ਧਮਾਕੇ ਪਿੱਛੇ ਫੋਰੈਂਸਿਕ ਟੀਮਾਂ ਆਈ.ਈ.ਡੀ. ਦੀ ਸੰਭਾਵਨਾ ‘ਤੇ ਵਿਚਾਰ ਕਰ ਰਹੀਆਂ ਹਨ ਅਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ |

                                                                    …………Chief Editor Jasdeep Singh