ਕੇਂਦਰ ਦੇ ਦਬਾਅ ਹੇਠ ਕੰਮ ਕਰ ਰਹੀਆਂ ਹਨ ਜਾਂਚ ਏਜੰਸੀਆਂ-ਚੰਨੀ

Punjab Junction Newspaper | 19 January 2022

ਮੋਰਿੰਡਾ, -ਈ.ਡੀ. ਵਲੋਂ ਕੀਤੀ ਛਾਪੇਮਾਰੀ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਦਬਾਅ ਹੇਠ ਰਾਜਨੀਤਕ ਬਦਲਾਖੋਰੀ ਦੀ ਨੀਤੀ ਤਹਿਤ ਅਜਿਹੀ ਛਾਪੇਮਾਰੀ ਹੋ ਰਹੀ ਹੈ, ਜਿਸ ਤੋਂ ਪੰਜਾਬ ਅਤੇ ਕਾਂਗਰਸ ਪਾਰਟੀ ਦੇ ਵਰਕਰ ਬਿਲਕੁਲ ਨਹੀਂ ਘਬਰਾਉਣਗੇ | ਮੁੱਖ ਮੰਤਰੀ ਚੰਨੀ ਦਾ ਕਹਿਣਾ ਹੈ ਕਿ ਅਜਿਹੀ ਹੀ ਛਾਪੇਮਾਰੀ ਕੇਂਦਰ ਦੀਆਂ ਏਜੰਸੀਆਂ ਵਲੋਂ ਬੰਗਾਲ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਕੀਤੀ ਗਈ ਸੀ, ਜਿਸ ਦਾ ਨਤੀਜਾ ਭਾਜਪਾ ਨੂੰ ਭੁਗਤਣਾ ਪਿਆ ਅਤੇ ਬੰਗਾਲ ਦੇ ਲੋਕਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰਿਕਾਰਡ ਤੋੜ ਜਿੱਤ ਦਿਵਾ ਕੇ ਮੋਦੀ ਸਰਕਾਰ ਨੂੰ ਅਜਿਹੀਆਂ ਕਥਿਤ ਕੋਝੀਆਂ ਹਰਕਤਾਂ ਦਾ ਜਵਾਬ ਦੇ ਦਿੱਤਾ ਸੀ | ਹੁਣ ਪੰਜਾਬ ਦੇ ਲੋਕ ਵੀ ਮੋਦੀ ਸਰਕਾਰ ਨੂੰ ਉਨ੍ਹਾਂ ਦੇ ਦਬਾਅ ਹੇਠ ਬਦਲਾਖੋਰੀ ਦੀ ਨੀਤੀ ਤਹਿਤ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ ਦਾ ਬਾਖ਼ੂਬੀ ਜਵਾਬ ਦੇਣਗੇ | ਉਨ੍ਹਾਂ ਕਿਹਾ ਕਿ ਅਜਿਹੀਆਂ ਛਾਪੇਮਾਰੀਆਂ ਤੋਂ ਉਹ ਅਤੇ ਉਨ੍ਹਾਂ ਦੇ ਸਹਿਯੋਗੀ ਡਰਨ ਵਾਲੇ ਨਹੀਂ ਹਨ | ਨਾ ਹੀ ਉਹ ਕੇਂਦਰੀ ਜਾਂਚ ਏਜੰਸੀਆਂ ਦੇ ਦਬਾਅ ਹੇਠ ਆਉਣਗੇ, ਬਲਕਿ ਪੂਰੇ ਜੋਸ਼ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਭਾਜਪਾ ਨੂੰ ਅਜਿਹੀਆਂ ਕਾਰਵਾਈਆਂ ਦਾ ਕਰਾਰਾ ਜਵਾਬ ਦੇਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀ ਬਦਲਾਖੋਰੀ ਦੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਹੈ |

                                                                 …………..…………Chief Editor Jasdeep Singh