Punjab Junction Newspaper | 18 January 2022
ਨਵੀਂ ਦਿੱਲੀ, -ਪ੍ਰਸਿੱਧ ਕੱਥਕ ਉਸਤਾਦ ਪੰਡਿਤ ਬਿਰਜੂ ਮਹਾਰਾਜ (83) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੋਤੇ ਸਵਰਾਂਸ਼ ਮਿਸ਼ਰਾ ਤੇ ਪੋਤੀ ਰਾਗਨੀ ਮਹਾਰਾਜ ਨੇ ਦਿੱਤੀ ਹੈ। ਰਵਾਇਤੀ ਭਾਰਤੀ ਨ੍ਰਿਤ ਸ਼ੈਲੀ ਕੱਥਕ ਨੂੰ ਵਿਸ਼ਵ ਪੱਧਰ ‘ਤੇ ਲੈ ਕੇ ਜਾਣ ਵਾਲੇ ਮਸ਼ਹੂਰ ਕੱਥਕ ਡਾਂਸਰ ਬਿਰਜੂ ਮਹਾਰਾਜ ਅਗਲੇ ਮਹੀਨੇ 4 ਫਰਵਰੀ ਨੂੰ 84 ਸਾਲ ਦੇ ਹੋਣ ਵਾਲੇ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਿਰਜੂ ਮਹਾਰਾਜ ਦਾ ਅੰਤਿਮ ਸੰਸਕਾਰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ ਹੈ, ਜਿਥੇ ਪਰਿਵਾਰਕ ਮੈਂਬਰਾਂ ਤੇ ਵੱਖ-ਵੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਬਿਰਜੂ ਮਹਾਰਾਜ ਦੀ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਦੇ ਪੋਤੇ ਸਵਰਾਂਸ਼ ਮਿਸ਼ਰਾ ਨੇ ਲਿਖਿਆ ਕਿ ਬਹੁਤ ਹੀ ਦੁੱਖ ਤੇ ਪੀੜਾ ਨਾਲ ਇਹ ਸੂਚਿਤ ਕੀਤਾ ਜਾ ਰਿਹਾ ਹੈ ਕਿ ਸਾਡੇ ਪਰਿਵਾਰ ਦੇ ਸਭ ਤੋਂ ਪਿਆਰੇ ਮੈਂਬਰ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਲਖਨਊ ਘਰਾਣੇ ਨਾਲ ਸੰਬੰਧਿਤ ਬਿਰਜੂ ਮਹਾਰਾਜ ਦਾ ਜਨਮ 4 ਫਰਵਰੀ 1938 ਨੂੰ ਲਖਨਊ ‘ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂਅ ਪੰਡਿਤ ਬ੍ਰਿਜਮੋਹਨ ਮਿਸ਼ਰਾ ਸੀ। ਕੱਥਕ ਡਾਂਸਰ ਹੋਣ ਦੇ ਨਾਲ-ਨਾਲ ਉਹ ਕਲਾਸੀਕਲ ਗਾਇਕ ਵੀ ਸਨ। ਬਿਰਜੂ ਮਹਾਰਾਜ ਦੇ ਪਿਤਾ ਤੇ ਗੁਰੂ ਅਚਨ ਮਹਾਰਾਜ, ਚਾਚਾ ਸ਼ੰਭੂ ਮਹਾਰਾਜ ਤੇ ਲੱਛੂ ਮਹਾਰਾਜ ਵੀ ਪ੍ਰਸਿੱਧ ਕੱਥਕ ਡਾਂਸਰ ਸਨ। ਬਿਰਜੂ ਮਹਾਰਾਜ ਨੇ ਦੇਵਦਾਸ, ਡੇਢ ਇਸ਼ਕੀਆ, ਉਮਰਾਓ ਜਾਨ ਤੇ ਬਾਜੀਰਾਓ ਮਸਤਾਨੀ ਆਦਿ ਫਿਲਮਾਂ ਲਈ ਡਾਂਸ ਦੀ ਕੋਰੀਓਗ੍ਰਾਫੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਤਿਆਜੀਤ ਰੇਅ ਦੀ ਫਿਲਮ ‘ਸ਼ਤਰੰਜ ਕੇ ਖਿਲਾੜੀ’ ‘ਚ ਸੰਗੀਤ ਦਿੱਤਾ ਸੀ। ਬਿਰਜੂ ਮਹਾਰਾਜ ਨੂੰ 1983 ‘ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਤੇ ਕਾਲੀਦਾਸ ਸਨਮਾਨ ਵੀ ਮਿਲ ਚੁੱਕਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਤੇ ਖੈਰਾਗੜ੍ਹ ਯੂਨੀਵਰਸਿਟੀ ਨੇ ਵੀ ਬਿਰਜੂ ਮਹਾਰਾਜ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਹੈ। 2012 ‘ਚ ਉਨ੍ਹਾਂ ਨੂੰ ਵਿਸ਼ਵਰੂਪਮ ਫਿਲਮ ‘ਚ ਡਾਂਸ ਕੋਰੀਓਗ੍ਰਾਫੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਜਦਕਿ 2016 ‘ਚ ਬਾਲੀਵੁੱਡ ਫਿਲਮ ‘ਬਾਜੀਰਾਓ ਮਸਤਾਨੀ’ ਦੇ ਗੀਤ ‘ਮੋਹੇ ਰੰਗ ਦੋ ਲਾਲ’ ਨੂੰ ਕੋਰੀਓਗ੍ਰਾਫੀ ਲਈ ਫਿਲਮਫੇਅਰ ਪੁਰਸਕਾਰ ਮਿਲਿਆ ਸੀ।