ਕਾਂਗਰਸ ਵਲੋਂ ਉੱਤਰ ਪ੍ਰਦੇਸ਼ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Punjab Junction Newspaper | 14 January 2022

ਨਵੀਂ ਦਿੱਲੀ, -ਕਾਂਗਰਸ ਵਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ‘ਚ 50 ਔਰਤਾਂ ਸ਼ਾਮਿਲ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਜਾਰੀ ਕੀਤੀ ਇਸ ਸੂਚੀ ‘ਚ ਉਨ੍ਹਾਂ ਔਰਤਾਂ ਅਤੇ ਨੌਜਵਾਨਾਂ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਜਬਰ ਝੱਲੇ ਹਨ ਅਤੇ ਉਨ੍ਹਾਂ ਖ਼ਿਲਾਫ਼ ਆਵਾਜ਼ ਉਠਾਈ ਹੈ। ਪਾਰਟੀ ਵਲੋਂ ਐਲਾਨੀ ਗਈ ਸੂਚੀ ‘ਚ ਉਨਾਓ ਜਬਰ ਜਨਾਹ ਕਾਂਡ ਦੀ ਪੀੜਤਾ ਦੀ ਮਾਂ, ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਸਦਫ ਜਫਰ ਖਸਮ, ਮਾਫੀਆ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਅਲਪਨਾ ਨਿਸ਼ਾਦ, ਪੁਲਿਸ ਦੀ ਬੇਰਹਮੀ ਦਾ ਸ਼ਿਕਾਰ ਬਣਨ ਵਾਲੀ ਆਸ਼ਾ ਕਾਰਜਕਰਤਾ ਪੂਨਮ ਪਾਂਡੇ, ਲਖੀਮਪੁਰ ‘ਚ ਚੀਰਹਰਨ ਕਾਂਡ ਦੀ ਪੀੜਤਾ ਰਿਤੂ ਸਿੰਘ ਵੀ ਸ਼ਾਮਿਲ ਹੈ। ਪ੍ਰਿਅੰਕਾ ਗਾਂਧੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਮੀਦਵਾਰਾਂ ਦੀ ਇਸ ਸੂਚੀ ਦਾ ਐਲਾਨ ਕਰਦਿਆਂ ਕਿਹਾ ਕਿ ਸਾਡੀ (ਕਾਂਗਰਸ ਦੀ) ਐਲਾਨੀ ਗਈ ਸੂਚੀ ਰਾਹੀਂ ਇਕ ਸਾਫ਼ ਸੰਦੇਸ਼ ਜਾਂਦਾ ਹੈ ਕਿ ਜੇਕਰ ਤੁਸੀਂ ਜ਼ੁਲਮ ਅਤੇ ਜਬਰ ਦਾ ਸ਼ਿਕਾਰ ਹੋਏ ਹੋ, ਕਾਂਗਰਸ ਉਸ ਦਾ ਸਮਥਰਨ ਕਰੇਗੀ। ਪ੍ਰਿਅੰਕਾ ਗਾਂਧੀ ਨੇ ਕਾਂਗਰਸ ਵਲੋਂ ਜਾਰੀ ਸੂਚੀ ਨੂੰ ਨਵਾਂ ਸੰਦੇਸ਼ ਕਰਾਰ ਦਿੰਦਿਆਂ ਕਿਹਾ ਕਿ 40 ਫ਼ੀਸਦੀ ਔਰਤਾਂ ਦੇ ਨਾਲ 40 ਫ਼ੀਸਦੀ ਨੌਜਵਾਨਾਂ ਨੂੰ ਵੀ ਰੱਖਿਆ ਗਿਆ ਹੈ। ਪ੍ਰਿਅੰਕਾ ਗਾਂਧੀ ਨੇ ਖੁਦ ਚੋਣਾਂ ਲੜਨ ਬਾਰੇ ਪੁੱਛੇ ਗਏ ਸਵਾਲ ਦਾ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਵੀ ਉੱਤਰ ਪ੍ਰਦੇਸ਼ ‘ਚ ਰਹਿਣਗੇ ਅਤੇ ਕੰਮ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਦੀ ਭੂਮਿਕਾ ਕਿਤੇ ਹੋਰ ਨਿਸਚਿਤ ਕਰਨ ਦਾ ਫ਼ੈਸਲਾ ਕਰੇਗੀ ਤਾਂ ਉਹ ਵੀ ਜਾਣਗੇ।
ਉਨਾਓ ਜਬਰ ਜਨਾਹ ਪੀੜਤਾ ਦੀ ਮਾਂ ਨੂੰ ਟਿਕਟ
ਉਨਾਓ ਜਬਰ ਜਨਾਹ ਪੀੜਤਾ ਦੀ ਮਾਂ ਆਸ਼ਾ ਸਿੰਘ ਨੂੰ ਉਨਾਓ ਤੋਂ ਟਿਕਟ ਦਿੱਤਾ ਗਿਆ ਹੈ। ਆਸ਼ਾ ਸਿੰਘ ਨੇ ਮਾਮਲੇ ‘ਚ ਦੋਸ਼ੀ ਸੱਤਾਧਾਰੀ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ। ਸਾਬਕਾ ਭਾਜਪਾ ਵਿਧਾਇਕ ਸੇਂਗਰ ਜਬਰ ਜਨਾਹ ਦੇ ਦੋਸ਼ ਤਹਿਤ ਜੇਲ੍ਹ ‘ਚ ਬੰਦ ਹੈ। ਇਸ ਤੋਂ ਇਲਾਵਾ ਨਾਗਰਿਕਤਾ ਸੋਧ ਕਾਨੂੰਨ ‘ਚ ਵਿਰੋਧ ਦਾ ਚਿਹਰਾ ਬਣੀ ਸਦਫ ਜਫਰ ਨੂੰ ਵੀ ਕਾਂਗਰਸ ਨੇ ਟਿਕਟ ਦਿੱਤਾ ਹੈ। ਸਦਫ ਜਫਰ ਨੂੰ ਪੁਲਿਸ ਵਲੋਂ ਜੇਲ੍ਹ ‘ਚ ਬੰਦ ਕੀਤਾ ਗਿਆ ਹੈ ਅਤੇ ਉੱਥੇ ਪੁਲਿਸ ਵਾਲਿਆਂ ਵਲੋਂ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ। ਉੱਤਰ ਪ੍ਰਦੇਸ਼ ‘ਚ ਕੋਰੋਨਾ ਦੇ ਸਮੇਂ ਸਿਹਤ ਵਿਵਸਥਾ ਦੀ ਸੰਭਾਲ ‘ਚ ਲੱਗੀ ਆਸ਼ਾ ਵਰਕਰ ਪੂਨਮ ਪਾਂਡੇ ਜਿਸ ਨੇ ਜਦੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮਿਲਣ ਦੀ ਜ਼ਿੱਦ ਕੀਤੀ ਤਾਂ ਪੁਲਿਸ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ। ਕਾਂਗਰਸ ਨੇ ਪਾਂਡੇ ਨੂੰ ਸ਼ਾਹਜਹਾਂਪੁਰ ਤੋਂ ਹੀ ਉਮੀਦਵਾਰ ਐਲਾਨਿਆ ਹੈ, ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਸਲਮਾਨ ਖੁਰਸ਼ੀਦ ਦੀ ਪਤਨੀ ਲੁਈਸ ਖੁਰਸ਼ੀਦ ਨੂੰ ਫ਼ਰੂਖਾਬਾਦ ਤੋਂ ਅਤੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ ਨੂੰ ਰਾਮਪੁਰ ਖ਼ਾਸ ਤੋਂ ਟਿਕਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੋਨਭੱਦਰ ਨਸਲਕੁਸ਼ੀ ਦੇ ਪੀੜਤਾਂ ‘ਚੋਂ ਇਕ ਰਾਮਰਾਜ ਗੌਂਡ ਨੂੰ ਵੀ ਟਿਕਟ ਦਿੱਤਾ ਗਿਆ ਹੈ। ਲਖੀਮਪੁਰ ਖੀਰੀ ‘ਚ ਕਾਂਗਰਸ ਕਾਰਜਕਰਤਾ ਰਿਤੂ ਸਿੰਘ ਜਿਸ ਨਾਲ ਭਾਜਪਾ ਕਰਜਕਰਤਾਵਾਂ ਵਲੋਂ ਹਿੰਸਾ ਕੀਤੀ ਗਈ, ਨੂੰ ਵੀ ਟਿਕਟ ਦਿੱਤਾ ਗਿਆ ਹੈ। ਪ੍ਰਿਅੰਕਾ ਗਾਂਧੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਆਪਣੀ ਸੂਚੀ ਰਾਹੀਂ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਸਿਆਸਤ ਦਾ ਅਸਲ ਮਕਸਦ ਸੇਵਾ ਹੈ ਪਰ ਇਹ ਕਾਫ਼ੀ ਹੱਕ ਤੱਕ ਬਦਲ ਗਿਆ ਹੈ। ਹੁਣ ਕਾਂਗਰਸ ਮੁੜ ਇਸ ਮਕਸਦ ਨੂੰ ਵਾਪਸ ਲਿਆਏਗੀ। ਉਨ੍ਹਾਂ ਕਿਹਾ ਕਿ ਲੋਕਪੱਖੀ ਮੁੱਦਿਆਂ ਨੂੰ ਕੇਂਦਰ ‘ਚ ਲਿਆਉਣਾ ਕਾਂਗਰਸ ਦਾ ਮਕਸਦ ਹੈ।

                                                          …………………..…………Chief Editor Jasdeep Singh