ਮਜੀਠੀਆ ਵਿਰੁੱਧ ਕਾਰਵਾਈ ਅਦਾਲਤੀ ਆਦੇਸ਼ਾਂ ਅਨੁਸਾਰ ਹੋ ਰਹੀ ਹੈ-ਚੰਨੀ

Punjab Junction Newspaper | 25 December 2021

ਚੰਡੀਗੜ੍ਹ, -ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਅਦਾਲਤੀ ਆਦੇਸ਼ਾਂ ਅਨੁਸਾਰ ਹੋ ਰਹੀ ਹੈ ਨਾ ਕਿ ਸਿਆਸੀ ਬਦਲਾਖੋਰੀ ਨਾਲ | ਉਨ੍ਹਾਂ ਕਿਹਾ ਕਿ ਜੇ ਮਜੀਠੀਆ ਦੋਸ਼ੀ ਨਹੀਂ ਤਾਂ ਪੁਲਿਸ ਦੀ ਪੁੱਛਗਿੱਛ ਤੋਂ ਭੱਜ ਕਿਉਂ ਰਿਹਾ ਹੈ | ਲੁਧਿਆਣਾ ਬੰਬ ਧਮਾਕੇ ਸੰਬੰਧੀ ਸ. ਚੰਨੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਹੋਈ ਹੈ ਤੇ ਬੰਬ ਧਮਾਕੇ ਦੀ ਜਾਂਚ ਲਈ ਉਨ੍ਹਾਂ ਕੇਂਦਰ ਦੀ ਮਦਦ ਮੰਗੀ ਹੈ | ਉਨ੍ਹਾਂ ਕਿਹਾ ਕਿ ਕਪੂਰਥਲਾ ਘਟਨਾ ‘ਚ ਸਪੱਸ਼ਟ ਹੋ ਗਿਆ ਹੈ ਕਿ ਇਹ ਬੇਅਦਬੀ ਦੀ ਕਾਰਵਾਈ ਨਹੀਂ ਸੀ | ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਡੀ.ਜੀ.ਪੀ. ‘ਤੇ ਲਗਾਏ ਦੋਸ਼ਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਡੀ.ਜੀ.ਪੀ. ਨਾਲ ਉਨ੍ਹਾਂ ਦਾ ਆਪਣਾ ਮਸਲਾ ਸੀ, ਜੋ ਹੁਣ ਹੱਲ ਹੋ ਗਿਆ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਨੰਬਰਦਾਰ 5 ਸਾਲ ਲਈ ਆਪਣਾ ਸਰਬਰਾਹ ਨਿਯੁਕਤ ਕਰ ਸਕੇਗਾ ਤੇ ਕਿਸੇ ਨੰਬਰਦਾਰ ਦੀ ਮੌਤ ਦੀ ਸੂਰਤ ‘ਚ ਨਵੇਂ ਨੰਬਰਦਾਰ ਦੀ ਚੋਣ ਲਈ ਤਜਰਬਾ ਮੁੱਖ ਸ਼ਰਤ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਜੀਹ ਮਿਲ ਸਕੇਗੀ | ਇਸ ਮੌਕੇ ਓ.ਪੀ. ਸੋਨੀ, ਭਾਰਤ ਭੂਸ਼ਨ ਆਸ਼ੂ, ਰਾਜ ਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ, ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਜੀਤ ਸਿੰਘ ਨਾਗਰਾ ਹਾਜ਼ਰ ਸਨ |