ਹਫ਼ਤੇ ਅੰਦਰ ਕਰਾਂਗੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ-ਕੇਜਰੀਵਾਲ

Punjab Junction Newspaper | 13 January 2022

ਐੱਸ. ਏ. ਐੱਸ. ਨਗਰ, -ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਇਕ ਹਫ਼ਤੇ ਦੇ ਅੰਦਰ-ਅੰਦਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸੂਬੇ ਅੰਦਰ 10 ਏਜੰਡਿਆਂ ਵਾਲਾ ਪੰਜਾਬ ਮਾਡਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਬੱਚੇ ਵਿਦੇਸ਼ ਨਾ ਜਾਣ ਅਤੇ 5 ਸਾਲਾਂ ‘ਚ ਰੁਜ਼ਗਾਰ ਲਈ ਵਿਦੇਸ਼ ਗਏ ਬੱਚੇ ਵੀ ਪੰਜਾਬ ਵਾਪਸ ਆਉਣਾ ਸ਼ੁਰੂ ਹੋ ਜਾਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਰਕਾਰਾਂ ਦੀ ਗੰਢਤੁਪ ਕਾਰਨ ਹੀ ਸੂਬੇ ਦੇ ਪਿੰਡਾਂ ‘ਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਕਿਸੇ ਪਾਰਟੀ ਨਾਲ ਕੋਈ ਮਿਲੀਭੁਗਤ ਨਹੀਂ ਹੈ, ਲਿਹਾਜ਼ਾ ਸਰਕਾਰ ਆਉਣ ‘ਤੇ ਬੇਅਦਬੀਆਂ ਦੇ ਮਾਮਲੇ ‘ਚ ਸ਼ਾਮਿਲ ਹਰ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਸੂਬੇ ‘ਚ ਪੈਸੇ ਦੀ ਕੋਈ ਕਮੀ ਨਹੀਂ, ਬਲਕਿ ਇਹ ਪੈਸਾ ਆਗੂਆਂ ਦੀਆਂ ਜੇਬਾਂ ‘ਚ ਜਾ ਰਿਹਾ ਹੈ, ਲਿਹਾਜ਼ਾ ਇਸ ਪ੍ਰਥਾ ਨੂੰ ਖ਼ਤਮ ਕਰਕੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰ ਕੇ ਬੱਚਿਆਂ ਦੇ ਪੜ੍ਹਨ ਲਈ ਇਕ ਵਧੀਆ ਮਾਹੌਲ ਸਿਰਜਿਆ ਜਾਵੇਗਾ ਅਤੇ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਨੂੰ ਸ਼ਾਨਦਾਰ ਬਣਾ ਕੇ ਹਰ ਇਕ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਸਤੀ ਬਿਜਲੀ ਹੀ ਨਹੀਂ, ਸਗੋਂ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਕੇਜਰੀਵਾਲ ਨੇ ਸੂਬੇ ‘ਚ ਖੇਤੀ ਵਿਵਸਥਾ ਨੂੰ ਸੁਧਾਰਨ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾਵੇਗਾ ਅਤੇ ਸੂਬੇ ‘ਚ ਵਪਾਰ ਅਤੇ ਸਨਅਤ ਨੂੰ ਹੁਲਾਰਾ ਦਿੱਤਾ ਜਾਵੇਗਾ।
ਟਿਕਟਾਂ ਦੀ ਕੋਈ ਖ਼ਰੀਦੋ-ਫ਼ਰੋਖ਼ਤ ਨਹੀਂ ਹੋਈ, ਵਿਰੋਧੀਆਂ ਦਾ ਸਿਰਫ਼ ਝੂਠਾ ਪ੍ਰਚਾਰ-ਕੇਜਰੀਵਾਲ
ਇਸੇ ਦੌਰਾਨ ਕੇਜਰੀਵਾਲ ਨੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ‘ਆਪ’ ਨਾਲ ਗੱਠਜੋੜ ਕਰਨ ਲਈ 60 ਸੀਟਾਂ ਦੀ ਮੰਗ ਕੀਤੀ ਸੀ, ਜਦਕਿ ਉਨ੍ਹਾਂ ਨੂੰ 15 ਤੋਂ 20 ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਇਸੇ ਦੌਰਾਨ ਟਿਕਟਾਂ ਦੀ ਵੰਡ ਸਮੇਂ ਖ਼ਰੀਦੋ-ਫ਼ਰੋਖ਼ਤ ਹੋਣ ਦੇ ਦੋਸ਼ਾਂ ਨੂੰ ਨਕਾਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਸਿਰਫ਼ ਵਿਰੋਧੀ ਪਾਰਟੀਆਂ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਕੋਲ ਇਸ ਸੰਬੰਧੀ ਕੋਈ ਸਬੂਤ ਹੈ ਤਾਂ ਉਹ ਲੈ ਕੇ ਆਵੇ, ਜਿਸ ਤੋਂ ਬਾਅਦ ਸੰਬੰਧਿਤ ਆਗੂਆਂ ਨੂੰ 24 ਘੰਟੇ ਦੇ ਅੰਦਰ ਪਾਰਟੀ ਤੋਂ ਲਾਂਭੇ ਕਰ ਦਿੱਤਾ ਜਾਵੇਗਾ।

                                                          …………………..…………Chief Editor Jasdeep Singh