ਬਿਕਰਮ ਸਿੰਘ ਮਜੀਠੀਆ ਦੀ ਅਗਾਊ ਜ਼ਮਾਨਤ ਅਰਜ਼ੀ ਖ਼ਾਰਜ

Punjab Junction Newspaper | 25 December 2021

ਐੱਸ. ਏ. ਐੱਸ. ਨਗਰ, -ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਪਣੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਮਾਮਲੇ ‘ਚ ਸੀਨੀਅਰ ਐਡਵੋਕੇਟ ਆਰ.ਐੱਸ. ਚੀਮਾ., ਐੱਚ.ਐੱਸ. ਧਨੋਆ ਤੇ ਡੀ.ਐੱਸ. ਸੋਬਤੀ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ‘ਚ ਦਾਇਰ ਅਗਾਊਾ ਜ਼ਮਾਨਤ ਦੀ ਅਰਜ਼ੀ ਨੂੰ ਅਦਾਲਤ ਨੇ ਖਾਰਜ਼ ਕਰ ਦਿੱਤਾ ਹੈ | ਇਸ ਦੌਰਾਨ ਸਰਕਾਰੀ ਧਿਰ ਵਲੋਂ ਪੇਸ਼ ਹੋਏ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਰਮਨ ਕੌਸ਼ਲ ਤੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਨੇ ਅਗਾਊਾ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਇਸ ਤੋਂ ਪਹਿਲਾਂ ਅਫ਼ਸਰਾਂ ਨੇ ਬਾਦਲ ਪਰਿਵਾਰ ਦੇ ਰਸੂਖ ਕਾਰਨ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਸੀ ਕਿਉਂਕਿ ਜਿਥੇ ਬਿਕਰਮ ਸਿੰਘ ਮਜੀਠੀਆ ਖੁਦ ਮੰਤਰੀ ਸੀ, ਉਥੇ ਉਸ ਦੀ ਭੈਣ ਕੇਂਦਰੀ ਵਜ਼ਾਰਤ ‘ਚ ਮੰਤਰੀ ਸੀ | ਕਾਂਗਰਸ ਦੀ ਸਰਕਾਰ ਆਉਣ ‘ਤੇ ਮੁੱਖ ਮੰਤਰੀ ਤੇ ਬਾਦਲ ਪਰਿਵਾਰ ‘ਚ ਆਪਸੀ ਗਠਜੋੜ ਹੋਣ ਕਾਰਨ ਮਜੀਠੀਆ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਈ.ਡੀ. ਦੇ ਡਿਪਟੀ ਡਾਇਰੈਕਟਰ ਰਹੇ ਨਿਰੰਜਣ ਸਿੰਘ ਨੇ ਆਪਣੇ ਬਿਆਨਾਂ ‘ਚ ਦੱਸਿਆ ਹੈ ਕਿ ਉਸ ਕੋਲ ਜਗਦੀਸ਼ ਸਿੰਘ ਭੋਲਾ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੇ ਕਹਿਣ ‘ਤੇ ਸੱਤਾ ਤੇ ਪਿੰਦੀ ਨੂੰ ਸੂਡੋ ਐਫਡਰੀਨ ਨਹੀਂ ਦਿੱਤੀ ਗਈ ਸੀ ਬਲਕਿ ਮਜੀਠੀਆ ਦੇ ਕਹਿਣ ‘ਤੇ ਤੁਰੰਤ ਸੱਤਾ ਤੇ ਪਿੰਦੀ ਨੂੰ ਸੂਡੋ ਐਫਡਰੀਨ ਪਹੁੰਚਾਈ ਗਈ ਸੀ | ਇੰਨਾ ਹੀ ਨਹੀਂ ਸੱਤੇ ਨੂੰ ਮਜੀਠੀਆ ਨੇ ਆਪਣੇ ਵਿਆਹ ‘ਚ ਵੀ ਸੱਦਿਆ ਸੀ ਤੇ ਉਸ ਨੂੰ ਸਰਕਾਰੀ ਗੰਨਮੈਨ ਤੇ ਵਾਹਨ ਤੱਕ ਮੁਹੱਈਆ ਕਰਵਾਏ ਸਨ | ਉਨ੍ਹਾਂ ਅਦਾਲਤ ਨੂੰ ਅੱਗੇ ਦੱਸਿਆ ਕਿ ਈ.ਡੀ. ਵਲੋਂ ਭੋਲਾ ਡਰੱਗਜ਼ ਮਾਮਲੇ ‘ਚ ਜਿਹੜੀ ਜਾਂਚ ਕੀਤੀ ਗਈ ਸੀ, ਉਹ ਹਾਲੇ ਵੀ ਪੈਂਡਿੰਗ ਹੈ | ਉਧਰ ਬਚਾਅ ਪੱਖ ਦੇ ਵਕੀਲਾਂ ਆਰ. ਐੱਸ. ਚੀਮਾ., ਐੱਚ. ਐੱਸ. ਧਨੋਆ ਤੇ ਡੀ. ਐੱਸ. ਸੋਬਤੀ ਨੇ ਅਗਾਊਾ ਜ਼ਮਾਨਤ ਦੇਣ ਲਈ ਮੁੜ ਅਦਾਲਤ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪੁਲਿਸ ਵਲੋਂ ਰਾਜਨੀਤਿਕ ਦਬਾਅ ਹੇਠ ਹੀ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਉਕਤ ਮਾਮਲਾ ਦਰਜ ਕਰਨ ਲਈ ਕਾਂਗਰਸ ਸਰਕਾਰ ਵਲੋਂ 3 ਡੀ.ਜੀ.ਪੀ. ਬਦਲੇ ਗਏ ਹਨ | ਉਨ੍ਹਾਂ ਮੁੜ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦੀ ਕਾਰਜ-ਪ੍ਰਣਾਲੀ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਸਾਲ 2003 ‘ਚ ਬਾਦਲ ਪਰਿਵਾਰ ‘ਤੇ ਇਸ ਅਫ਼ਸਰ ਨੇ ਝੂਠਾ ਕੇਸ ਬਣਾਇਆ ਸੀ ਜਦਕਿ ਸਾਲ 2010 ‘ਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਮਿਲ ਗਈ ਸੀ | ਉਨ੍ਹਾਂ ਅਦਾਲਤ ਅੱਗੇ ਨਵਜੋਤ ਸਿੰਘ ਸਿੱਧੂ ਅਤੇ ਡਿਪਟੀ ਮੁੱਖੀ ਮੰਤਰੀ ਦੇ ਕੁਝ ਟਵੀਟ ਵੀ ਦਿਖਾਏ, ਜਿਨ੍ਹਾਂ ‘ਚ ਨਵਾਂ ਡੀ.ਜੀ.ਪੀ. ਲਗਦਿਆਂ ਨਸ਼ਾ ਤਸਕਰੀ ਸਬੰਧੀ ਮਾਮਲਾ ਦਰਜ ਕਰਨ ਬਾਰੇ ਜ਼ਿਕਰ ਕੀਤਾ ਗਿਆ ਹੈ | ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਭੋਲਾ ਡਰੱਗਜ਼ ਮਾਮਲੇ ‘ਚ ਜਦੋਂ ਅਦਾਲਤ ‘ਚ ਟਰਾਇਲ ਚੱਲ ਰਿਹਾ ਸੀ ਤਾਂ ਕਿਸੇ ਵੀ ਧਿਰ ਨੇ ਧਾਰਾ-319 ਤਹਿਤ ਬਿਕਰਮ ਸਿੰਘ ਮਜੀਠੀਆ ਨੂੰ ਨਾਮਜ਼ਦ ਕਰਨ ਦੀ ਅਰਜ਼ੀ ਤੱਕ ਨਹੀਂ ਦਿੱਤੀ | ਅਗਾਊਾ ਜ਼ਮਾਨਤ ਦੀ ਅਰਜ਼ੀ ਖਾਰਜ਼ ਹੋਣ ਤੋਂ ਬਾਅਦ ਬਚਾਅ ਪੱਖ ਦੇ ਵਕੀਲ ਐੱਚ. ਐੱਸ. ਧਨੋਆ ਨੇ ਦੱਸਿਆ ਕਿ ਉਹ ਜਲਦ ਹੀ ਹੇਠਲੀ ਅਦਾਲਤ ਦੇ ਇਸ ਫ਼ੈਸਲੇ ਖ਼ਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ |
‘ਸਿੱਟ’ ਨੇ ਕੈਨੇਡਾ ਬੈਠੇ ਸੱਤਾ ਤੇ ਪਿੰਦੀ ਨੂੰ ਵੀ ਨਸ਼ਾ ਤਸਕਰੀ ਦੇ ਕੇਸ ‘ਚ ਕੀਤਾ ਨਾਮਜ਼ਦ

ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਕੈਨੇਡਾ ਬੈਠੇ ਸਤਪ੍ਰੀਤ ਸਿੰਘ ਸੱਤਾ ਤੇ ਪਰਮਿੰਦਰ ਸਿੰਘ ਪਿੰਦੀ ਨੂੰ ਵੀ ਨਸ਼ਾ ਤਸਕਰੀ ਦੇ ਇਸ ਕੇਸ ‘ਚ ਨਾਮਜ਼ਦ ਕਰ ਲਿਆ ਗਿਆ ਹੈ | ਕੈਨੇਡਾ ‘ਚ ਬੈਠੇ ਦੋਵਾਂ ਮੁਲਜ਼ਮਾਂ ਨੂੰ ਭਾਰਤ ਲਿਆਉਣ ਲਈ ‘ਸਿੱਟ’ ਵਲੋਂ ਅਗਲੇ ਦਿਨਾਂ ‘ਚ ਵਿਦੇਸ਼ ਮੰਤਰਾਲੇ ਰਾਹੀਂ ਚਾਰਾਜੋਈ ਸ਼ੁਰੂ ਕਰ ਦਿੱਤੀ ਜਾਵੇਗੀ | ਉਧਰ ਬਿਕਰਮ ਸਿੰਘ ਮਜੀਠੀਆ, ਜੋ ਕਿ ਇਸ ਸਮੇਂ ਰੂਪੋਸ਼ ਹਨ, ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਮੁੜ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੂਤਰਾਂ ਅਨੁਸਾਰ ਮਜੀਠੀਆ ਦੇ ਕਰੀਬੀਆਂ ‘ਤੇ ਵੀ ਪੁਲਿਸ ਦੀ ਨਜ਼ਰ ਹੈ |