Punjab Junction Newspaper | 12 January 2022
ਸਿਆਟਲ,-ਅਮਰੀਕੀ ਇਤਿਹਾਸ ‘ਚ ਸਿੱਖ ਕੌਮ ਵਲੋਂ ਅੱਜ ਦਾ ਦਿਨ ਹਮੇਸ਼ਾਂ ਯਾਦ ਰੱਖਿਆ ਜਾਵੇਗਾ, ਜਦੋਂ ਨਿਊਜਰਸੀ ਸੂਬੇ ਦੀ ਸੈਨੇਟ ‘ਚ ਇਕ ਮਤਾ ਪਾਸ ਕਰਕੇ 1984 ਵਿਚ ਤਤਕਾਲੀ ਕਾਂਗਰਸ ਦੇ ਰਾਜ ਸਮੇਂ ਹੋਏ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨ ਦਿੱਤਾ ਗਿਆ ਅਤੇ ਉਸ ਦੀ ਸਖ਼ਤ ਨਿਖੇਧੀ ਵੀ ਸਦਨ ‘ਚ ਕੀਤੀ ਗਈ | ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਅੱਜ ਸਦਨ ਵਿਚ ਇਹ ਬਿੱਲ ਸਟੇਟ ਸੈਨੇਟ ਦੇ ਪ੍ਰਧਾਨ ਸਟੀਫਨ ਸਵੀਨੀ ਨੇ ਪੇਸ਼ ਕਰਦਿਆਂ ਕਿਹਾ ਕਿ ਅਸੀਂ 1984 ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਅੱਗੋਂ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਦੁਬਾਰਾ ਨਾ ਹੋਣ ਇਸ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਰਹਾਂਗੇ | ਇਸ ਬਿੱਲ ਨੂੰ ਸਦਨ ਦੇ ਕੁੱਲ 40 ‘ਚੋਂ 39 ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਇਕ ਮੈਂਬਰ ਕਿਸੇ ਕਾਰਨ ਕਰਕੇ ਅੱਜ ਸਦਨ ਵਿਚ ਹਾਜ਼ਰ ਨਹੀਂ ਹੋ ਸਕਿਆ | ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਅਮੈਰਕਿਨ ਸਿੱਖ ਕਾਕਸ ਦੇ ਸਹਿਯੋਗ ਨਾਲ ਨਿਊਜਰਸੀ ਸਟੇਟ ਸੈਨੇਟ ‘ਚ ਮਤਾ ਨੰਬਰ ਐਸ. ਆਰ.-142 ਬਿੱਲ ਲਿਆਂਦਾ ਗਿਆ ਸੀ | ਇਸ ਇਤਿਹਾਸਕ ਮੌਕੇ ਸਦਨ ਵਿਚ ਨਿਊਜਰਸੀ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ, ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਅਤੇ ਹਿੰਮਤ ਸਿੰਘ ਉੱਚੇਚੇ ਤੌਰ ‘ਤੇ ਹਾਜ਼ਰ ਸਨ | ਇਨ੍ਹਾਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਮੁੱਚੀ ਸਿੱਖ ਕੌਮ ਵਲੋਂ ਨਿਊਜਰਸੀ ਸਟੇਟ ਦੇ ਸਾਰੇ ਸੈਨੇਟਰਾਂ ਅਤੇ ਸੈਨੇਟ ਪ੍ਰਧਾਨ ਸਟੀਫਨ ਸਵੀਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਾਰੇ ਸੈਨੇਟਰਾਂ ਦੇ ਸਦਕਾ ਹੀ ਇਹ ਏਨਾ ਵੱਡਾ ਬਿੱਲ ਪਾਸ ਹੋ ਸਕਿਆ ਹੈ | ਇਸ ਬਿੱਲ ਨੂੰ ਪਾਸ ਕਰਵਾਉਣ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਅਤੇ ਜੁਗਰਾਜ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਜੋਗਾ ਸਿੰਘ ਅਤੇ ਸਿੱਖ ਬੁੱਧੀਜੀਵੀ ਸਤਪਾਲ ਸਿੰਘ ਪੁਰੇਵਾਲ ਨੇ ਅਮਰੀਕਾ ਅਤੇ ਖ਼ਾਸ ਕਰਕੇ ਨਿਊਜਰਸੀ ਦੇ ਸਿੱਖਾਂ ਦੇ ਇਸ ਇਤਿਹਾਸਕ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਹੈ ਅਤੇ ਕਿਹਾ ਕਿ ਇਹ ਅੱਗੋਂ ਵੀ ਕੌਮ ਦੀ ਚੜ੍ਹਦੀ ਕਲਾ ਦੇ ਕਾਰਜ ਕਰਦੇ ਰਹਿਣਗੇ |