Punjab Junction Newspaper | 07 January 2022
ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੁੱਖ ਤੌਰ ‘ਤੇ ਵਿਸ਼ੇਸ਼ ਸੁਰੱਖਿਆ ਗਰੁੱਪ (ਐੱਸ.ਪੀ.ਜੀ.) ਦੀ ਹੁੰਦੀ ਹੈ ਪਰ ਕਿਸੇ ਰਾਜ ‘ਚ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ 4 ਏਜੰਸੀਆਂ ਕੋਲ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ | ਐੱਸ.ਪੀ.ਜੀ., ਏ.ਐੱਸ.ਐੱਲ., ਰਾਜ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ | ਪ੍ਰਧਾਨ ਮੰਤਰੀ ਦੇ ਆਸ-ਪਾਸ ਸੁਰੱਖਿਆ ਦਾ ਪਹਿਲਾ ਘੇਰਾ ਐੱਸ.ਪੀ.ਜੀ. ਦੇ ਜਵਾਨਾਂ ਦਾ ਹੁੰਦਾ ਹੈ, ਜਿਨ੍ਹਾਂ ਕੋਲ ਐੱਮ.ਐੱਨ.ਐੱਫ਼.-200 ਅਸਾਲਟ ਰਾਈਫਲ ਅਤੇ 17 ਐੱਸ ਰਿਵਾਲਵਰ ਜਿਹੇ ਆਧੁਨਿਕ ਹਥਿਆਰ ਹੁੰਦੇ ਹਨ | ਐੱਸ.ਪੀ.ਜੀ. ਦੇ ਜਵਾਨਾਂ ਨੂੰ ਅਮਰੀਕਾ ਦੀ ਸੀਕਰੇਟ ਸਰਵਿਸਿਜ਼ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸਿਖਲਾਈ ਦਿੱਤੀ ਜਾਂਦੀ ਹੈ | ਐਡਵਾਂਸ ਸਿਕਿਉਰਟੀ ਲਾਈਜ਼ਨ ਟੀਮ (ਏ.ਐੱਸ.ਐੱਲ) ਪ੍ਰਧਾਨ ਮੰਤਰੀ ਦੇ ਤੈਅ ਦੌਰੇ ਨਾਲ ਜੁੜੀ ਹਰ ਖ਼ਬਰ ਕੇਂਦਰੀ ਸੁਰੱਖਿਆ ਅਧਿਕਾਰੀਆਂ ਦੇ ਨਾਲ ਸਾਂਝੀ ਕਰਦੀ ਹੈ | ਸਥਾਨਕ ਪੁਲਿਸ ਦੌਰੇ ਦੌਰਾਨ ਰੂਟ ਤੋਂ ਪ੍ਰੋਗਰਾਮ ਵਾਲੀ ਥਾਂ ਦੇ ਸੁਰੱਖਿਆ ਸੰੰਬੰਧੀ ਕੰਮ ਤੈਅ ਕਰਦੀ ਹੈ ਪਰ ਪੁਲਿਸ ਦੇ ਫ਼ੈਸਲੇ ਦੀ ਨਿਗਰਾਨੀ ਐੱਸ.ਪੀ.ਜੀ. ਅਧਿਕਾਰੀ ਹੀ ਕਰਦੇ ਹਨ ਅਤੇ ਕੇਂਦਰੀ ਏਜੰਸੀ ਏ.ਐੱਸ.ਐੱਲ. ਪ੍ਰਧਾਨ ਮੰਤਰੀ ਦੇ ਰੂਟ ਦੀ ਸੁਰੱਖਿਆ ਦੀ ਪੜਤਾਲ ਕਰਦੀ ਹੈ ਜਦਕਿ ਸਥਾਨਕ ਪ੍ਰਸ਼ਾਸਨ ਪੁਲਿਸ ਨਾਲ ਮਿਲ ਕੇ ਕੰਮ ਕਰਦਾ ਹੈ |