Punjab Junction Newspaper | 04 January 2022
ਅਜਨਾਲਾ- ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਕੋਰੋਨਾ ਦੇ ਡਰ ਦੇ ਪਰਛਾਵੇਂ ਅਧੀਨ ਸਰਕਾਰੀ ਸਕੂਲ ਬੰਦ ਕਰਨ ਦੇ ਫ਼ੈਸਲੇ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਸੂਬਾਈ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਨੇ ਸਾਂਝੇ ਤੌਰ ‘ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਨੇ ਬੀਤੇ ਦੋ ਸਾਲਾਂ ਤੋਂ ਪੂਰੇ ਵਿਸ਼ਵ ਨੂੰ ਘੇਰਿਆ ਹੋਇਆ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਿਮਾਰੀ ਦੇ ਇਲਾਜ, ਬਚਾਅ ਤੇ ਇਹਤਿਆਤ ਵਰਤਦਿਆਂ ਢੁਕਵੇਂ ਮੈਡੀਕਲ ਪ੍ਰਬੰਧ ਕੀਤੇ ਜਾਣ ਪਰ ਹੁਣ ਜਦੋਂ ਸਾਲਾਨਾ ਪ੍ਰੀਖਿਆਵਾਂ ਨਜ਼ਦੀਕ ਹਨ ਅਤੇ ਵਿੱਦਿਅਕ ਵਰ੍ਹਾ ਸਿਖਰ ਤੇ ਹੈ ਉਸ ਸਮੇਂ ਕੁੱਝ ਕੋਰੋਨਾ ਕੇਸਾਂ ਦੇ ਆਉਣ ਤੇ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨਾ ਦੂਰ ਅੰਦੇਸ਼ੀ ਸੋਚ ਤੋਂ ਸੱਖਣਾ ਫ਼ੈਸਲਾ ਹੈ।