
Punjab Junction Newspaper | 02 January 2022
ਜਲੰਧਰ, 1 ਜਨਵਰੀ-ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ 5 ਜਨਵਰੀ ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਰੈਲੀ ਸੂਬੇ ਅੰਦਰ ਭਾਜਪਾ ਸਰਕਾਰ ਦੀ ਨੀਂਹ ਰੱਖੇਗੀ ਤੇ ਭਾਜਪਾ ਸੂਬੇ ‘ਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ | ਇਹ ਦਾਅਵਾ ਉਨ੍ਹਾਂ ਅੱਜ ਇੱਥੇ ‘ਅਜੀਤ’ ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਅੰਦਰ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਹ ਰੈਲੀ ਇਕੱਠ ਦੇ ਪੱਖ ਤੋਂ ਬੇਮਿਸਾਲ ਹੋਵੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੀ ਪੰਜਾਬ ਫੇਰੀ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਦਾ ਵੀ ਐਲਾਨ ਕਰਨਗੇ, ਜਿਸ ਨਾਲ ਸੂਬੇ ਦੇ ਵਿਕਾਸ ਨੂੰ ਇਕ ਨਵੀਂ ਰਫਤਾਰ ਤੇ ਉੱਚਾਈ ਮਿਲੇਗੀ | ਉਨ੍ਹਾਂ ਕਿਹਾ ਕਿ ਥੋੜ੍ਹੇ ਜਿਹੇ ਸਮੇਂ ‘ਚ ਹੀ ਸੂਬੇ ਅੰਦਰ ਭਾਜਪਾ ਇਕ ਤਾਕਤਵਰ ਸਿਆਸੀ ਧਿਰ ਬਣ ਕੇ ਉੱਭਰੀ ਹੈ ਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ | ਸ਼ੇਖਾਵਤ ਨੇ ਕਿਹਾ ਕਿ ਸੂਬੇ ਅੰਦਰ ਭਾਜਪਾ ਵਿਕਾਸ ਦੇ ਮੁੱਦੇ ‘ਤੇ ਚੋਣ ਲੜੇਗੀ ਤੇ ਪਾਰਟੀ ਦਾ ਇਕੋ ਇਕ ਏਜੰਡਾ ਸੂਬੇ ਦਾ ਸਰਬਪੱਖੀ ਵਿਕਾਸ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ ਤੇ ਸੂਬੇ ਅੰਦਰ ਅਮਨ-ਕਾਨੂੰਨ ਵਿਵਸਥਾ ਜਿੱਥੇ ਡਾਵਾਂਡੋਲ ਹੋਈ ਹੈ, ਉਥੇ ਗੁਰਦੁਆਰਿਆਂ ਤੇ ਮੰਦਰਾਂ ‘ਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਸੂਬੇ ਅੰਦਰ ਭਾਈਚਾਰਕ ਸਾਂਝ ਤੇ ਸਦਭਾਵਨਾ ਲਈ ਵੱਡਾ ਖ਼ਤਰਾ ਹਨ | ਸੂਬੇ ਅੰਦਰ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਨਸ਼ੇ ਤੇ ਮਾਫ਼ੀਆ ਰਾਜ ਪਹਿਲਾਂ ਨਾਲੋਂ ਕਈ ਗੁਣਾ ਵਧਿਆ ਹੈ ਤੇ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ‘ਚ ਆਮ ਲੋਕ ਬੇਹੱਦ ਨਿਰਾਸ਼ ਤੇ ਹਤਾਸ਼ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਹੁਣ ਭਾਜਪਾ ਦੇ ਰੂਪ ‘ਚ ਇਕ ਨਵੀਂ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ |
ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ‘ਚ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਨੇ ਕਦੇ ਵੀ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਨਹੀਂ ਐਲਾਨਿਆ | ਉਨ੍ਹਾਂ ਉੱਤਰ ਪ੍ਰਦੇਸ਼ ‘ਚ ਯੋਗੀ ਸਰਕਾਰ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਯੋਗੀ ਆਦਿੱਤਿਆ ਨਾਥ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਬਣਨਗੇ ਤੇ ਉਹ ਵੀ ਉਸ ਸੂਬੇ ਦੇ ਜਿੱਥੋਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਿਆਸੀ ਸੂਝ ਬੂਝ ਵਾਲੇ ਸਮਝਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਾਲਾਂਕਿ ਭਾਜਪਾ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ‘ਤੇ ਹੀ ਚੋਣਾਂ ਲੜੀਆਂ ਜਾਣਗੀਆਂ ਪਰ ਸੂਬੇ ਦਾ ਮੁੱਖ ਮੰਤਰੀ ਪੰਜਾਬ ਦਾ ਪੁੱਤ ਹੀ ਬਣੇਗਾ | ਕੁੱਝ ਸਿਆਸੀ ਪਾਰਟੀਆਂ ਦੇ ਆਗੂ ਬਾਹਰੋਂ ਆ ਕੇ ਸੂਬੇ ਦੀ ਵਾਗਡੋਰ ਸੰਭਾਲਣ ਦੇ ਸੁਪਨੇ ਦੇਖ ਰਹੇ ਹਨ ਪਰ ਉਨ੍ਹਾਂ ਨੂੰ ਭਾਜਪਾ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ |
ਕੈਪਟਨ ਤੇ ਢੀਂਡਸਾ ਧੜੇ ਨਾਲ ਗੱਠਜੋੜ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਰੇੜਕੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਸਾਰੀਆਂ ਧਿਰਾਂ ਪੰਜਾਬ ਦੀ ਬਿਹਤਰੀ ਤੇ ਖੁਸ਼ਹਾਲੀ ਲਈ ਕੰਮ ਕਰ ਰਹੀਆਂ ਹੋਣ ਤਾਂ ਅਜਿਹੇ ਮੁੱਦੇ ਬੇਹੱਦ ਛੋਟੇ ਪੈ ਜਾਂਦੇ ਹਨ ਤੇ ਇਸ ਸਮੇਂ ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਮਿਲ ਕੇ ਸੁਨਹਿਰੇ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਦਾ ਸੁਪਨਾ ਦੇਖ ਰਹੀ ਹੈ, ਜਿਸ ਨੂੰ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ |
ਮੁਫ਼ਤ ਦੀਆਂ ਸਕੀਮਾਂ ਦੀ ਰਾਜਨੀਤੀ ਪੰਜਾਬੀਆਂ ਨੂੰ ਮਜਬੂਰ ਬਣਾਉਣ ਲਈ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਲੋਕਾਂ ਲਈ ਮੁਫ਼ਤ ਦੀਆਂ ਸਕੀਮਾਂ ਦੇ ਕੀਤੇ ਜਾ ਰਹੇ ਐਲਾਨਾਂ ਨੂੰ ਗਲਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਕਦੇ ਵੀ ਅਜਿਹੀਆਂ ਸਕੀਮਾਂ ਦੀ ਹਾਮੀ ਨਹੀਂ ਰਹੀ ਹੈ ਤੇ ਨਾ ਹੀ ਅਜਿਹੇ ਐਲਾਨ ਲੋਕਾਂ ਦਾ ਕਦੇ ਭਲਾ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਅਣਖੀ ਤੇ ਗੈਰਤਮੰਦ ਪੰਜਾਬੀ ਕਦੇ ਵੀ ਅਜਿਹੀਆਂ ਮੁਫ਼ਤ ਦੀਆਂ ਸਕੀਮਾਂ ਨੂੰ ਪਸੰਦ ਨਹੀਂ ਕਰਨਗੇ | ਅਸਲ ‘ਚ ਇਹ ਮੁਫਤ ਦੀਆਂ ਸਕੀਮਾਂ ਪੰਜਾਬੀਆਂ ਨੂੰ ਮਜ਼ਬੂਤ ਬਣਾਉਣ ਲਈ ਨਹੀਂ ਬਲਕਿ ਉਨ੍ਹਾਂ ਨੂੰ ਮਜਬੂਰ ਬਣਾਉਣ ਲਈ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਮੁਫ਼ਤਖੋਰੇ ਬਣਾ ਕੇ ਆਪਣੇ ਹਿੱਤ ਪੂਰੇ ਕਰਦੀਆਂ ਰਹਿਣ ਪਰ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ ਤੇ ਸਰਕਾਰ ਬਣਨ ‘ਤੇ ਪੰਜਾਬੀਆਂ ਨੂੰ ਹਰ ਤਰ੍ਹਾਂ ਨਾਲ ਸਮਰੱਥ ਤੇ ਮਜ਼ਬੂਤ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ |
ਅਕਾਲੀ ਦਲ ਨੇ ਔਖੇ ਸਮੇਂ ਸਾਥ ਛੱਡਿਆ
ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਭਾਜਪਾ ਵਲੋਂ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰਨ ਸੰਬੰਧੀ ਪੁੱਛੇ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਸਾਥ ਉਸ ਸਮੇਂ ਛੱਡਿਆ, ਜਦੋਂ ਪਾਰਟੀ ਇਕ ਮੁਸ਼ਕਿਲ ਭਰੇ ਦੌਰ ‘ਚੋਂ ਲੰਘ ਰਹੀ ਸੀ | ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਭਾਜਪਾ ਨੇ ਸੂਬੇ ਅੰਦਰ ਅਮਨ-ਸ਼ਾਂਤੀ ਦੀ ਬਹਾਲੀ ਤੇ ਸਦਭਾਵਨਾ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਛੋਟਾ ਭਰਾ ਬਣ ਕੇ ਗਠਜੋੜ ਕੀਤਾ ਪਰ ਕਿਸਾਨੀ ਅੰਦੋਲਨ ਕਾਰਨ ਭਾਜਪਾ ਨੂੰ ਜਦੋਂ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅਜਿਹੇ ਸਮੇਂ ਪਾਰਟੀ ਨਾਲ ਖੜ੍ਹਨ ਦੀ ਲੋੜ ਸੀ ਪਰ ਉਸ ਨਾਜ਼ੁਕ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਪਰ ਇਸ ਸਮੇਂ ਭਾਜਪਾ ਆਪਣੀ ਉੱਚ ਲੀਡਰਸ਼ਿਪ ਦੀ ਸੂਝਬੂਝ ਤੇ ਸੋਚ ਨਾਲ ਨਾ ਕੇਵਲ ਇਸ ਸੰਕਟ ‘ਚੋਂ ਉਭਰਨ ‘ਚ ਕਾਮਯਾਬ ਰਹੀ ਬਲਕਿ ਸੂਬੇ ਅੰਦਰ ਇਕ ਮਜ਼ਬੂਤ ਸਿਆਸੀ ਧਿਰ ਵੀ ਬਣ ਚੁੱਕੀ ਹੈ |
ਖੇਤੀ ਖ਼ੇਤਰ ‘ਚ ਕ੍ਰਾਂਤੀਕਾਰੀ ਕਦਮ ਚੁੱਕੇ ਜਾਣਗੇ
ਪੰਜਾਬ ‘ਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਪੱਧਰ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ‘ਚ ਜਲ ਸ਼ਕਤੀ ਬਾਰੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸੂਬੇ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੱਕ ਪਹੁੰਚ ਚੁੱਕਾ ਹੈ ਤੇ ਜੇਕਰ ਇਸ ਸੰਬੰਧੀ ਜਲਦੀ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਸੂਬੇ ਅੰਦਰ ਪਾਣੀ ਦਾ ਸੰਕਟ ਹੋਰ ਗੰਭੀਰ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ‘ਚੋਂ ਕੱਢਣ ਲਈ ਠੋਸ ਨੀਤੀਆਂ ਨੂੰ ਅਮਲ ‘ਚ ਲਿਆਂਦਾ ਜਾਵੇਗਾ ਅਤੇ ਇਸੇ ਤਰ੍ਹਾਂ ਆਮ ਲੋਕਾਂ ਅੰਦਰ ਵੀ ਪਾਣੀ ਦੀ ਬੱਚਤ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾਣਗੇ |
ਭਾਜਪਾ ਨੇ ਕਦੇ ਵੀ ਜਾਤੀਵਾਦ ਦੀ ਰਾਜਨੀਤੀ ਨਹੀਂ ਕੀਤੀ
ਕਾਂਗਰਸ ਹਾਈਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਖੇਡੇ ਗਏ ਐਸ.ਸੀ. ਪੱਤੇ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਭਾਜਪਾ ਨੇ ਕਦੇ ਵੀ ਜਾਤੀਵਾਦ ਦੀ ਰਾਜਨੀਤੀ ਨਹੀਂ ਕੀਤੀ ਤੇ ਪਾਰਟੀ ਦੇਸ਼ ਅੰਦਰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ | ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਨ ‘ਤੇ ਮੁੱਖ ਮੰਤਰੀ ਦਾ ਚਿਹਰਾ ਕਿਸੇ ਜਾਤ-ਬਰਾਦਰੀ ਨੂੰ ਮੁੱਖ ਰੱਖ ਕੇ ਨਹੀਂ ਚੁਣਿਆ ਜਾਵੇਗਾ ਸਗੋਂ ਇਕ ਕਾਬਲ ਤੇ ਸਮਰੱਥ ਆਗੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇਗੀ | ਉਨ੍ਹਾਂ ਕਾਂਗਰਸ ‘ਤੇ ਜਾਤ ਤੇ ਧਰਮ ਦੇ ਨਾਂਅ ‘ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸਮਾਜ ‘ਚ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ ਪਰ ਰਾਜ ਦੇ ਲੋਕ ਬਹੁਤ ਸਮਝਦਾਰ ਹਨ ਤੇ ਉਨ੍ਹਾਂ ਨੂੰ ਇਹ ਪਤਾ ਹੈ ਕਿ ਪੰਜਾਬੀਆਂ ਦਾ ਭਲਾ ਜੇਕਰ ਅੱਜ ਕੋਈ ਪਾਰਟੀ ਕਰ ਸਕਦੀ ਹੈ ਤਾਂ ਉਹ ਭਾਜਪਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਸਮੇਂ ਕੇਂਦਰ ‘ਚ ਭਾਜਪਾ ਦੀ ਸਰਕਾਰ ਹੈ ਤਾਂ ਸੂਬੇ ਅੰਦਰ ਵੀ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਇਹ ਦੋਹਰੇ ਇੰਜਣ ਦੀ ਤਰ੍ਹਾਂ ਕੰਮ ਕਰੇਗੀ ਅਤੇ ਸੂਬੇ ਨੂੰ ਹਰ ਖ਼ੇਤਰ ‘ਚ ਅੱਗੇ ਲੈ ਕੇ ਜਾਵੇਗੀ |