Pahalgam Attack: ਜਾਂਚ ‘ਚ ਨਵਾਂ ਮੋੜ, NIA ਹੱਥ ਅਹਿਮ ਸੁਰਾਗ, ਦਰਖਤ ‘ਤੇ ਚੜ੍ਹ ਬਣਾ ਲਈ ਹਮਲੇ ਦੀ ਵੀਡੀਓ,

Punjab Junction Weekly Newspaper / 29 APRIL 2025

Pahalgam Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਹਿੰਦੂਆਂ ਦੇ ਕਤਲੇਆਮ ਦੀ ਜਾਂਚ ਵਿੱਚ ਇੱਕ ਨਵਾਂ ਮੋੜ ਆਇਆ ਹੈ। ਨਿਊਜ਼18 ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਨੁਸਾਰ ਬੈਸਰਨ ਘਾਟੀ ਵਿਚ ਸੈਲਾਨੀਆਂ ਲਈ ਵੀਡੀਓ, ਰੀਲਾਂ ਬਣਾਉਣ ਵਾਲਾ ਇੱਕ ਵੀਡੀਓਗ੍ਰਾਫਰ ਰਾਸ਼ਟਰੀ ਜਾਂਚ ਏਜੰਸੀ (NIA) ਦਾ ਇਕ ਮੁੱਖ ਗਵਾਹ ਬਣ ਕੇ ਸਾਹਮਣੇ ਆਇਆ ਹੈ।

ਸੂਤਰਾਂ ਅਨੁਸਾਰ ਇਸ ਸਥਾਨਕ ਵੀਡੀਓਗ੍ਰਾਫਰ ਨੇ ਅੱਤਵਾਦੀ ਹਮਲੇ ਦੌਰਾਨ ਪੂਰੀ ਘਟਨਾ ਨੂੰ ਆਪਣੇ ਕੈਮਰੇ ‘ਤੇ ਰਿਕਾਰਡ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਜਦੋਂ ਗੋਲੀਬਾਰੀ ਸ਼ੁਰੂ ਹੋਈ, ਤਾਂ ਇਹ ਨੌਜਵਾਨ ਆਪਣੀ ਜਾਨ ਬਚਾਉਣ ਲਈ ਭੱਜਿਆ ਅਤੇ ਇੱਕ ਦਰੱਖਤ ਉਤੇ ਚੜ੍ਹ ਗਿਆ।’ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪੂਰੀ ਘਟਨਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦਾ ਰਿਹਾ।

ਐਨਆਈਏ ਨੇ ਵੀਡੀਓਗ੍ਰਾਫਰ ਤੋਂ ਪੁੱਛਗਿੱਛ ਕੀਤੀ ਹੈ ਅਤੇ ਹੁਣ ਉਸ ਦੁਆਰਾ ਬਣਾਈ ਗਈ ਵੀਡੀਓ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੂੰ ਉਮੀਦ ਹੈ ਕਿ ਇਸ ਨਾਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਸੰਭਾਵੀ ਓਵਰਗ੍ਰਾਊਂਡ ਵਰਕਰਾਂ (OGWs) ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਪਹਿਲਗਾਮ ਹਮਲੇ ਦੇ ਚਸ਼ਮਦੀਦਾਂ ਨੇ ਕੀ ਕਿਹਾ?
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਚਾਰ ਅੱਤਵਾਦੀ ਦੋ ਸਮੂਹਾਂ ਵਿੱਚ ਵੰਡੇ ਹੋਏ ਸਨ ਅਤੇ ਘਾਹ ਦੇ ਮੈਦਾਨ ਵਿੱਚ ਘਾਤ ਲਗਾ ਕੇ ਬੈਠੇ ਸਨ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕਰ ਰਹੇ ਸਨ। ਚਸ਼ਮਦੀਦਾਂ ਦੇ ਅਨੁਸਾਰ ਦੋ ਅੱਤਵਾਦੀ ਉਨ੍ਹਾਂ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸਨ ਜਿੱਥੇ ਸਨੈਕਸ ਵੇਚੇ ਜਾ ਰਹੇ ਸਨ।

ਇੱਕ ਅਧਿਕਾਰੀ ਨੇ ਕਿਹਾ, ‘ਦੁਪਹਿਰ ਲਗਭਗ 2:30 ਵਜੇ ਦੁਕਾਨਾਂ ਦੇ ਪਿੱਛੇ ਲੁਕੇ ਦੋ ਅੱਤਵਾਦੀ ਬਾਹਰ ਆਏ। ਉਨ੍ਹਾਂ ਨੇ ਉੱਥੇ ਮੌਜੂਦ ਸੈਲਾਨੀਆਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ। ਕੁਝ ਲੋਕਾਂ ਨੂੰ ਕਲਮਾ ਪੜ੍ਹਨ ਲਈ ਵੀ ਕਿਹਾ ਗਿਆ ਅਤੇ ਜੋ ਇਸ ਨੂੰ ਨਹੀਂ ਪੜ੍ਹ ਸਕਦੇ ਸਨ, ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।

ਹਰ ਸੈਲਾਨੀ ਦੇ ਸਿਰ ਵਿੱਚ ਗੋਲੀ ਮਾਰੀ ਗਈ
ਐਨਆਈਏ ਦਾ ਮੰਨਣਾ ਹੈ ਕਿ ਹਮਲਾ ਅੰਨ੍ਹੇਵਾਹ ਨਹੀਂ ਸੀ, ਸਗੋਂ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਅੱਤਵਾਦੀਆਂ ਨੇ ਹਰ ਸੈਲਾਨੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪਹਿਲੇ ਚਾਰ ਸੈਲਾਨੀਆਂ ਦੇ ਮਾਰੇ ਜਾਣ ਤੋਂ ਬਾਅਦ, ਭਗਦੜ ਮਚ ਗਈ ਅਤੇ ਫਿਰ ਬਾਕੀ ਦੋ ਅੱਤਵਾਦੀ ਜ਼ਿਪਲਾਈਨ ਦੇ ਨੇੜੇ ਆਏ ਅਤੇ ਭੱਜ ਰਹੀ ਭੀੜ ‘ਤੇ ਗੋਲੀਆਂ ਚਲਾ ਦਿੱਤੀਆਂ।

Chief Editor- Jasdeep Singh  (National Award Winner)