Punjab Junction Weekly Newspaper / 22 February 2023
ਅੰਮਿ੍ਤਸਰ,
ਲਾਹੌਰ ਦੀ ਮਾਲ ਰੋਡ ‘ਤੇ ਅਲਹਮਰਾ ਆਰਟ ਸੈਂਟਰ ਵਿਖੇ ਫ਼ੈਜ਼ ਫਾਊਾਡੇਸ਼ਨ ਟਰੱਸਟ ਅਤੇ ਲਾਹੌਰ ਆਰਟਸ ਕੌਂਸਲ ਵਲੋਂ ਸਾਂਝੇ ਤੌਰ ‘ਤੇ ਮਰਹੂਮ ਪਾਕਿਸਤਾਨੀ ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਯਾਦ ‘ਚ ਕਰਵਾਏ 7ਵੇਂ ਫ਼ੈਜ਼ ਫ਼ੈਸਟੀਵਲ ‘ਚ ਭਾਰਤ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਬਾਲੀਵੁੱਡ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਕਿ ਮੁੰਬਈ ਹਮਲੇ ਦੇ ਸਾਜਿਸ਼ਕਰਤਾ ਪਾਕਿਸਤਾਨ ‘ਚ ਖੁੱਲ੍ਹੇਆਮ ਘੁੰਮ ਰਹੇ ਹਨ | ਦਰਅਸਲ, ਪ੍ਰੋਗਰਾਮ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਈ ਵਾਰ ਪਾਕਿਸਤਾਨ ਆਏ ਹੋ ਅਤੇ ਜਦੋਂ ਤੁਸੀਂ ਵਾਪਸ ਜਾਉਗੇ ਤਾਂ ਕੀ ਤੁਸੀਂ ਆਪਣੇ ਲੋਕਾਂ ਨੂੰ ਕਹੋਗੇ ਕਿ ਪਾਕਿਸਤਾਨੀ ਚੰਗੇ ਲੋਕ ਹਨ | ਇਸ ਸਵਾਲ ਦੇ ਜਵਾਬ ‘ਚ ਜਾਵੇਦ ਅਖ਼ਤਰ ਨੇ ਕਿਹਾ ਕਿ ਸਾਨੂੰ ਇਕ-ਦੂਜੇ ‘ਤੇ ਦੋਸ਼ ਨਹੀਂ ਲਗਾਉਣੇ ਚਾਹੀਦੇ | ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ | ਇਸ ਦੇ ਨਾਲ ਹੀ ਉਨ੍ਹਾਂ ਮੁੰਬਈ ਹਮਲਿਆਂ ਦਾ ਜ਼ਿਕਰ ਕਰਦਿਆਂ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ ਅੱਜ-ਕੱਲ੍ਹ ਇੰਨੀ ਗਰਮ ਫ਼ਿਜ਼ਾ ਹੈ, ਜੋ ਘੱਟ ਹੋਣੀ ਚਾਹੀਦੀ ਹੈ | ਅਸੀਂ ਤਾਂ ਬੰਬਈ (ਮੁੰਬਈ) ਦੇ ਲੋਕ ਹਾਂ, ਅਸੀਂ ਦੇਖਿਆ ਕਿ ਕਿਵੇਂ ਹਮਲਾ ਹੋਇਆ | ਉਨ੍ਹਾਂ ਕਿਹਾ ਕਿ ਉਹ ਲੋਕ ਨਾ ਤਾਂ ਨਾਰਵੇ ਤੋਂ ਆਏ ਸਨ ਅਤੇ ਨਾ ਹੀ ਮਿਸਰ ਤੋਂ | ਉਹ ਲੋਕ ਅਜੇ ਵੀ ਤੁਹਾਡੇ ਦੇਸ਼ (ਪਾਕਿਸਤਾਨ) ‘ਚ ਘੁੰਮ ਰਹੇ ਹਨ | ਇਸ ਲਈ ਜੇਕਰ ਇਹ ਸ਼ਿਕਾਇਤ ਭਾਰਤ ਦੇ ਦਿਲ ‘ਚ ਹੈ ਤਾਂ ਤੁਹਾਨੂੰ ਬੁਰਾ ਮਹਿਸੂਸ ਨਹੀਂ ਕਰਨਾ ਚਾਹੀਦਾ | ਜਾਵੇਦ ਅਖ਼ਤਰ ਨੇ ਲਤਾ ਮੰਗੇਸ਼ਕਰ ਦੇ ਪਾਕਿਸਤਾਨ ‘ਚ ਪ੍ਰਦਰਸ਼ਨ ਦੇ ਮੁੱਦੇ ‘ਤੇ ਵੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਭਾਰਤ ਨੇ ਨੁਸਰਤ ਫ਼ਤਿਹ ਅਲੀ ਖ਼ਾਨ, ਮਹਿੰਦੀ ਹਸਨ, ਫ਼ੈਜ਼ ਅਹਿਮਦ ਫ਼ੈਜ਼ ਵਰਗੇ ਪਾਕਿਸਤਾਨੀ ਦਿੱਗਜਾਂ ਦੀ ਮੇਜ਼ਬਾਨੀ ਕੀਤੀ ਹੈ ਪਰ ਪਾਕਿ ‘ਚ ਕਦੇ ਲਤਾ ਮੰਗੇਸ਼ਕਰ ਦਾ ਸ਼ੋਅ ਨਹੀਂ ਹੋਇਆ | ਉਨ੍ਹਾਂ ਨੇ ਕਿਹਾ ਕਿ ਅਸੀਂ ਦੋਵਾਂ ਖੇਤਰਾਂ ਵਿਚਾਲੇ ਦੋਸਤਾਨਾ ਸਥਿਤੀ ਚਾਹੁੰਦੇ ਹਾਂ | ਜਦਕਿ ਦੋਹਾਂ ਦੇਸ਼ਾਂ ਵਿਚਾਲੇ ਸਭਿਆਚਾਰਕ ਸਮਾਨਤਾਵਾਂ ਬਾਰੇ ਜਾਗਰੂਕਤਾ ਦੀ ਕਮੀ ਹੈ |
Chief Editor- Jasdeep Singh (National Award Winner)