ਗੁਜਰਾਤ ‘ਚ ਬਾਗ਼ੀ ਭਾਜਪਾ ਨੇਤਾਵਾਂ ਨੂੰ ਮਨਾਉਣ ਲਈ ਅਮਿਤ ਸ਼ਾਹ ਨੇ ਸੰਭਾਲੀ ਕਮਾਨ

Punjab Junction Weekly Newspaper / 23 November 2022

ਗੁਜਰਾਤ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਚ ਬਣੇ ਸੱਤਾ ਵਿਰੋਧੀ ਰੁਝਾਨ (ਐਂਟੀ-ਇੰਕਮਬੈਂਸੀ) ਤੇ ਵਿਰੋਧੀ ਧਿਰ ਦੀ ਚੁਣੌਤੀ ਨੂੰ ਖ਼ਤਮ ਕਰਨ ਲਈ ਭਾਜਪਾ ਨੇ ਇਸ ਵਾਰ ਵੱਡੇ ਪੱਧਰ ‘ਚ ਆਪਣੇ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਮੈਦਾਨ ‘ਚ ਉਤਾਰਿਆ ਹੈ। ਇਸ ਪਹਿਲਕਦਮੀ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਭਾਜਪਾ ਨੇਤਾਵਾਂ ਤੇ ਵਰਕਰਾਂ ‘ਚ ਨਾਰਾਜ਼ਗੀ ਵਧਦੀ ਜਾ ਰਹੀ ਹੈ। ਅਜਿਹੇ ਸਭ ਨੇਤਾਵਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੋਰਚਾ ਸੰਭਾਲਣਾ ਪਿਆ ਹੈ। ਗੁਜਰਾਤ ਉਨ੍ਹਾਂ ਦਾ ਗ੍ਰਹਿ ਸੂਬਾ ਹੈ। ਦੱਸਣਯੋਗ ਹੈ ਕਿ ਭਾਜਪਾ 1998 ਤੋਂ ਲਗਾਤਾਰ ਗੁਜਰਾਤ ‘ਚ ਸੱਤਾ ‘ਤੇ ਕਾਬਜ਼ ਹੈ ਅਤੇ ਸੱਤਾ ਵਿਰੋਧੀ ਰੁਝਾਨ ਨਾਲ ਨਜਿੱਠਣ ਲਈ ਅਮਿਤ ਸ਼ਾਹ ਨੇ ਪਿਛਲੇ ਇਕ ਮਹੀਨੇ ਤੋਂ ਸੂਬੇ ‘ਚ ਡੇਰਾ ਲਗਾਇਆ ਹੋਇਆ ਹੈ। ਉਹ ਬਾਗੀ ਨੇਤਾਵਾਂ ਨੂੰ ਮਨਾਉਣ ਤੇ ਨਾਰਾਜ਼ ਵਰਕਰਾਂ ਨੂੰ ਮੁੜ ਭਾਜਪਾ ਦਾ ਪ੍ਰਚਾਰ ਕਰਨ ਲਈ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੱਸਣਯੋਗ ਹੈ ਕਿ ਭਾਜਪਾ ਨੇ ਇਸ ਵਾਰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਤੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਸਮੇਤ 35 ਭਾਜਪਾ ਵਿਧਾਇਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਅਤੇ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋਏ 17 ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ, ਜੋ ਭਾਜਪਾ ‘ਚ ਬਗ਼ਾਵਤ ਦੀ ਵੱਡੀ ਵਜ੍ਹਾ ਹੈ।

Chief Editor- Jasdeep Singh  (National Award Winner)