ਗਾਇਕ ਬੱਬੂ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ-ਪੁਲਿਸ ਨੇ ਸੁਰੱਖਿਆ ਵਧਾਈ

Punjab Junction Weekly Newspaper / 18 November 2022

ਐੱਸ. ਏ. ਐੱਸ. ਨਗਰ,

ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਣ ਤੋਂ ਬਾਅਦ ਫ਼ਿਲਮੀ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਜਿਥੇ ਕਈ ਗਾਇਕਾਂ ਸਮੇਤ ਸਲਮਾਨ ਖ਼ਾਨ ਵਰਗੇ ਸੁਪਰ ਸਟਾਰ ਨੂੰ ਪਹਿਲਾਂ ਹੀ ਧਮਕੀ ਪੱਤਰ ਮਿਲ ਚੁੱਕੇ ਹਨ, ਉਥੇ ਹੀ ਅੱਜ ਇਕ ਹੋਰ ਅਜਿਹੀ ਖ਼ਬਰ ਸਾਹਮਣੇ ਆਈ ਹੈ | ਦਰਅਸਲ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਇਸ ਪਿੱਛੇ ਪੰਜਾਬ ਦੇ ਮਸ਼ਹੂਰ ਬੰਬੀਹਾ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ | ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਗਾਇਕ ਬੱਬੂ ਮਾਨ ਨੂੰ ਗੈਂਗਸਟਰ ਗਰੁੱਪ ਬੰਬੀਹਾ ਤੋਂ ਧਮਕੀ ਭਰਿਆ ਫ਼ੋਨ ਆਇਆ ਹੈ | ਇਸ ਕਾਲ ‘ਚ ਬੱਬੂ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ | ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਦੇ ਨਾਲ ਹੀ ਮੁਹਾਲੀ ਪੁਲਿਸ ਨੇ ਵੀ ਸ਼ਿਕਾਇਤ ਮਿਲਣ ਤੋਂ ਬਾਅਦ ਅਹਿਤਿਆਤ ਵਜੋਂ ਬੱਬੂ ਮਾਨ ਦੇ ਸੈਕਟਰ-71 ਵਿਚਲੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ | ਖ਼ਬਰ ਦੀ ਪੁਸ਼ਟੀ ਕਰਨ ਵਾਲੇ ਪੁਲਿਸ ਸੂਤਰਾਂ ਅਨੁਸਾਰ ਗਾਇਕ ਬੱਬੂ ਮਾਨ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਸ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ | ਇਸ ਸ਼ਿਕਾਇਤ ਦੇ ਮੱਦੇਨਜ਼ਰ ਪੁਲਿਸ ਨੇ ਬੱਬੂ ਮਾਨ ਦੇ ਘਰ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ | ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਕੋਈ ਖਤਰਾ ਨਹੀਂ ਲੈਣਾ ਚਾਹੁੰਦੀ | ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਹੱਤਿਆ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ |

Chief Editor- Jasdeep Singh  (National Award Winner)