Punjab Junction Weekly Newspaper / 31 October 2022
ਮਾਨਸਾ,
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਜੇਕਰ 25 ਨਵੰਬਰ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ ਐਫ. ਆਈ. ਆਰ. ਵਾਪਸ ਲੈ ਲੈਣਗੇ ਤੇ ਆਪਣੀ ਸੁਰੱਖਿਆ ਵੀ ਵਾਪਸ ਕਰ ਦੇਣਗੇ | ਆਪਣੇ ਗ੍ਰਹਿ ਮੂਸਾ ਵਿਖੇ ਸਿੱਧੂ ਦੇ ਵੱਡੀ ਗਿਣਤੀ ‘ਚ ਜੁੜੇ ਪ੍ਰਸੰਸਕਾਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਮੈਂ ਸਾਬਕਾ ਫ਼ੌਜੀ ਹਾਂ ਤੇ ਕਦੇ ਵੀ ਕਾਨੂੰਨ ਖ਼ਿਲਾਫ਼ ਨਹੀਂ ਜਾਵਾਂਗਾ, ਪਰ ਵਤਨ ਛੱਡ ਕੇ ਬਿਗਾਨੇ ਮੁਲਕ ‘ਚ ਰਹਿਣ ਲੱਗ ਜਾਵਾਂਗਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਡੀ.ਜੀ.ਪੀ. ਤੋਂ ਮਿਲਣ ਦਾ ਸਮਾਂ ਮੰਗਿਆ ਹੈ ਤੇ ਇਸ ਮਿਲਣੀ ‘ਚ ਉਹ ਕਈ ਅਜਿਹੇ ਖ਼ੁਲਾਸੇ ਕਰਨਗੇ, ਜੋ ਮੇਰੇ ਪੁੱਤ ਦੇ ਕਤਲ ਦੇ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਨੂੰ ਨੰਗਾ ਕਰਨਗੇ | ਉਨ੍ਹਾਂ ਕਿਹਾ ਕਿ ਉਹ ਪਿਛਲੇ 5 ਮਹੀਨਿਆਂ ਤੋਂ ਆਪਣੇ ਪੁੱਤਰ ਦੀ ਹੱਤਿਆ ‘ਚ ਇਨਸਾਫ਼ ਲੈਣ ਲਈ ਸਰਕਾਰਾਂ ਕੋਲ ਗੁਹਾਰ ਲਗਾ ਰਹੇ ਹਨ, ਪਰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਉਹ ਕਈ ਲੋਕਾਂ ਦੇ ਨਾਂਅ ਵੀ ਨਸ਼ਰ ਕਰ ਚੁੱਕੇ ਹਨ, ਪਰ ਸਰਕਾਰਾਂ ਵਲੋਂ ਬੇਧਿਆਨੀ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਗੈਂਗਸਟਰ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਤੇ ਕੋਟੜਾ ‘ਚ ਰਾਤਾਂ ਕੱਟ ਕੇ ਗਏ ਹਨ, ਪਰ ਸੀ.ਆਈ.ਏ. ਸਟਾਫ਼ ਦੇ ਮਾਨਸਾ ਦੇ ਬਰਖ਼ਾਸਤ ਇੰਚਾਰਜ ਪਿ੍ਤਪਾਲ ਸਿੰਘ ਨੇ ਪੈਸੇ ਲੈ ਕੇ ਦੋਸ਼ੀਆਂ ਨੂੰ ਜਾਂਚ ‘ਚੋਂ ਬਾਹਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਜੋ ਵੀ ਸਿੱਧੂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਾ ਹੈ, ਉਸ ਨੂੰ ਸੰਮਨ ਭੇਜ ਕੇ ਪੁੱਛ-ਗਿੱਛ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਗਾਇਕਾ ਅਫਸਾਨਾ ਖ਼ਾਨ ਤੋਂ ਐਨ.ਆਈ.ਏ. ਵਲੋਂ ਪੁੱਛਗਿੱਛ ਕੀਤੀ ਗਈ ਤੇ ਹੁਣ ਜੈਨੀ ਜੌਹਲ ਨੂੰ ਸੰਮਨ ਭੇਜੇ ਗਏ ਹਨ |
Chief Editor- Jasdeep Singh (National Award Winner)