Punjab Junction Weekly Newspaper / 11 October 2022
ਅੰਮ੍ਰਿਤਸਰ, -ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਮੈਨੇਜਰ ਸੁਲੱਖਣ ਸਿੰਘ ਭੰਗਾਲੀ ਅਤੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਸਮੇਤ ਹੋਰ ਪ੍ਰਮੁੱਖ ਧਾਰਮਿਕ, ਰਾਜਸੀ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਦੇਸ਼-ਵਿਦੇਸ਼ ਤੋਂ ਪੁੱਜੀ ਸੰਗਤ ਨੇ ਸ਼ਿਰਕਤ ਕੀਤੀ। ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਵਿਸਮਾਦੀ ਗੂੰਜ, ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੀ ਆਰੰਭਤਾ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਨਾਲ ਹੋਈ। ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤੇ ਜਾਣ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਸਤਿਕਾਰ ਭੇਟ ਕੀਤਾ ਗਿਆ। ਨਗਰ ਕੀਰਤਨ ਵਿਚ ਧਾਰਮਿਕ ਸਭਾ ਸੁਸਾਇਟੀਆਂ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ, ਖ਼ਾਲਸਾਈ ਸ਼ਸਤਰ ਕਲਾ ਦੇ ਜੌਹਰ ਦਿਖਾਉਂਦੀਆਂ ਹੋਈਆਂ ਗਤਕਾ ਪਾਰਟੀਆਂ, ਸੁੰੰਦਰ ਵਰਦੀਆਂ ਵਿਚ ਸਜੇ ਫੱਬੇ ਸਕੂਲਾਂ ਦੇ ਵਿਦਿਆਰਥੀ ਤੇ ਸ਼ਬਦਾਂ ਦੀਆਂ ਧੁਨਾਂ ਵਜਾਉਂਦੀਆਂ ਹੋਈਆਂ ਬੈਂਡ ਟੀਮਾਂ ਵੀ ਸ਼ਾਮਿਲ ਹੋਈਆਂ। ਘੰਟਾ ਘਰ ਪਲਾਜ਼ਾ ਵਿਖੇ ਗੁਰੂ ਸਾਹਿਬ ਦਾ ਪਾਵਨ ਸਰੂਪ ਸੁੰਦਰ ਪਾਲਕੀ ਸਾਹਿਬ ਵਿਚ ਬਿਰਾਜਮਾਨ ਕੀਤਾ ਗਿਆ। ਇੱਥੋਂ ਆਰੰਭ ਹੋ ਕੇ ਇਹ ਨਗਰ ਨਗਰ ਕੀਰਤਨ ਪੁਰਾਤਨ ਸ਼ਹਿਰ ਦੇ ਚਾਰ-ਚੁਫੇਰੇ ਸਥਿਤ ਇਤਿਹਾਸਕ 12 ਦਰਵਾਜ਼ਿਆਂ ਘਿਓ ਮੰਡੀ ਗੇਟ, ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਰਾਮਬਾਗ ਗੇਟ, ਹਾਲ ਗੇਟ (ਗਾਂਧੀ ਦਰਵਾਜ਼ਾ), ਸਿਕੰਦਰੀ ਗੇਟ, ਹਾਥੀ ਗੇਟ, ਕਿਲ੍ਹਾ ਲੋਹਗੜ੍ਹ ਗੇਟ, ਬੇਰੀ ਗੇਟ, ਲਾਹੌਰੀ ਗੇਟ, ਖ਼ਜ਼ਾਨਾ ਗੇਟ, ਹਕੀਮਾਂ ਵਾਲਾ ਗੇਟ, ਭਗਤਾਂ ਵਾਲਾ ਗੇਟ, ਗਿਲਵਾਲੀ ਗੇਟ, ਚਾਟੀਵਿੰਡ ਗੇਟ (ਰਾਮਗੜ੍ਹੀਆ ਦਰਵਾਜ਼ਾ, ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ) ਤੇ ਸੁਲਤਾਨਵਿੰਡ ਗੇਟ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਸਤਿਨਾਮ ਵਾਹਿਗੁਰੂ ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਾਪ ਕਰਦਿਆਂ ਵੱਡੀ ਗਿਣਤੀ ਵਿਚ ਸੰਗਤ ਸ਼ਾਮਿਲ ਹੋਈ। ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਖ਼ਾਲਸਾਈ ਬਾਣੇ ਵਿਚ ਸਜੀਆਂ ਨਿਹੰਗ ਸਿੰਘ ਫ਼ੌਜਾਂ ਵੀ ਸ਼ਾਮਿਲ ਹੋਈਆਂ।
ਜਲੌਅ, ਦੀਪਮਾਲਾ ਤੇ ਆਤਿਸ਼ਬਾਜ਼ੀ ਅੱਜ
ਇਸੇ ਦੌਰਾਨ ਮੈਨੇਜਰ ਭੰਗਾਲੀ ਨੇ ਦੱਸਿਆ ਕਿ 11 ਅਕਤੂਬਰ ਨੂੰ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਵੇਰੇ 8.30 ਤੋਂ 1 ਵਜੇ ਦੌਰਾਨ ਸੁੰਦਰ ਜਲੌਅ ਸਜਾਏ ਜਾਣਗੇ। ਸਵੇਰ ਤੋਂ ਦੁਪਹਿਰ ਤੱਕ ਸ੍ਰੀ ਮੰਜੀ ਸਾਹਿਬ ਦੀਵਾਨ ਵਿਖੇ ਗੁਰਮਤਿ ਸਮਾਗਮ, ਸ਼ਾਮ ਨੂੰ ਸੁੰਦਰ ਦੀਪਮਾਲਾ ਤੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਹੋਵੇਗੀ। ਇਸੇ ਦੌਰਾਨ ਮੁੰਬਈ ਦੀ ਸੰਗਤ ਵਲੋਂ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਵਾਂਗ ਸ੍ਰੀ ਹਰਿਮੰਦਰ ਸਾਹਿਬ ਨੂੰ 30 ਟਨ ਮਹਿਕਦੇ ਫੁੱਲਾਂ ਨਾਲ ਸਜਾਉਣ ਦੀ ਸੇਵਾ ਕੀਤੀ ਗਈ।
Chief Editor- Jasdeep Singh (National Award Winner)