Punjab Junction Newspaper | 19 January 2022
ਲੁਧਿਆਣਾ/ਐੱਸ. ਏ. ਐੱਸ. ਨਗਰ, -ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਤੇ ਹੋਰਨਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ | ਛਾਪੇਮਾਰੀ ਦੌਰਾਨ ਵਿਭਾਗ ਵਲੋਂ ਕਈ ਅਹਿਮ ਸੁਰਾਗ ਮਿਲਣ ਤੋਂ ਇਲਾਵਾ 6 ਕਰੋੜ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਈ.ਡੀ. ਦੀਆਂ ਟੀਮਾਂ ਵਲੋਂ ਮੁੱਖ ਮੰਤਰੀ ਚੰਨੀ ਦੇ ਕਰੀਬੀ ਰਿਸ਼ਤੇਦਾਰ (ਸਾਲੀ ਦੇ ਲੜਕੇ) ਭੁਪਿੰਦਰ ਸਿੰਘ ਹਨੀ ਦੇ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਈ. ਬਲਾਕ ਇਲਾਕੇ ਵਿਚਲੇ ਘਰ, ਕਈ ਹੋਰ ਟਿਕਾਣਿਆਂ ਮੋਹਾਲੀ ਦੇ ਹੋਮਲੈਂਡ, ਪਠਾਨਕੋਟ ਤੇ ਹੋਰ ਥਾਵਾਂ ‘ਤੇ ਇਕੋ ਸਮੇਂ 10 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ | ਛਾਪੇਮਾਰੀ ਦੌਰਾਨ ਈ.ਡੀ. ਵਲੋਂ ਜਿਥੇ ਪੁਲਿਸ ਨੂੰ ਨਾਲ ਰੱਖਿਆ ਗਿਆ, ਉਥੇ ਹੀ ਕੇਂਦਰੀ ਸੁਰੱਖਿਆ ਬਲ ਵੀ ਭਾਰੀ ਗਿਣਤੀ ‘ਚ ਛਾਪੇ ਵਾਲੀਆਂ ਥਾਵਾਂ ‘ਤੇ ਤਾਇਨਾਤ ਸੀ | ਕੇਂਦਰੀ ਸੁਰੱਖਿਆ ਬਲਾਂ ਵਲੋਂ ਕਿਸੇ ਵੀ ਵਿਅਕਤੀ ਨੂੰ ਛਾਪੇਮਾਰੀ ਵਾਲੀਆਂ ਥਾਵਾਂ ‘ਤੇ ਨਹੀਂ ਜਾਣ ਦਿੱਤਾ ਗਿਆ | ਈ.ਡੀ. ਨੇ ਭੁਪਿੰਦਰ ਸਿੰਘ ਹਨੀ ਦੇ ਟਿਕਾਣੇ ਤੋਂ 4 ਕਰੋੜ ਰੁਪਏ ਭਾਰਤੀ ਕਰੰਸੀ ਅਤੇ ਇਕ ਹੋਰ ਸਾਥੀ ਸੰਦੀਪ ਕੁਮਾਰ ਦੇ ਟਿਕਾਣੇ ਤੋਂ 2 ਕਰੋੜ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਹੈ | ਈ.ਡੀ. ਨੇ ਕਈ ਅਹਿਮ ਦਸਤਾਵੇਜ਼ ਬਰਾਮਦ ਕਰਕੇ ਉਨ੍ਹਾਂ ਦੀ ਬਰੀਕੀ ਨਾਲ ਪੜਤਾਲ ਆਰੰਭ ਕਰ ਦਿੱਤੀ ਹੈ | ਈ.ਡੀ. ਵਲੋਂ ਇਹ ਛਾਪੇਮਾਰੀ ਪੰਜਾਬ ਪੁਲਿਸ ਵਲੋਂ 2018 ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਸੰਬੰਧ ‘ਚ ਦਰਜ ਕੀਤੇ ਗਏ ਮਾਮਲੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ | ਰੇਤ ਦੇ ਨਾਜਾਇਜ਼ ਕਾਰੋਬਾਰ ‘ਚ ਲੁਧਿਆਣਾ ਦੇ ਕਾਰੋਬਾਰੀ ਭੁਪਿੰਦਰ ਸਿੰਘ ਹਨੀ ਦੇ ਘਰ ਤੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ | ਇਸ ਸਮੇਂ ਹਨੀ ਮੋਹਾਲੀ ਵਿਖੇ ਰਹਿ ਰਿਹਾ ਹੈ | ਪੰਜਾਬ ਪੁਲਿਸ ਵਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਸੰਬੰਧੀ ਜੋ ਐਫ਼.ਆਈ.ਆਰ. ਦਰਜ ਕੀਤੀ ਗਈ ਹੈ, ਉਸ ‘ਚ ਭੁਪਿੰਦਰ ਸਿੰਘ ਹਨੀ ਸਮੇਤ 26 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ਈ.ਡੀ. ਵਲੋਂ ਆਉਣ ਵਾਲੇ ਸਮੇਂ ‘ਚ ਜਿਹੜੇ ਵਿਅਕਤੀਆਂ ਦਾ ਐਫ਼.ਆਈ.ਆਰ. ‘ਚ ਨਾਂਅ ਦਰਜ ਹੈ ਉਨ੍ਹਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ | ਈ.ਡੀ. ਵਲੋਂ ਅਹਿਮ ਸੁਰਾਗਾਂ ਦੇ ਸਹਾਰੇ ਕਈ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ | ਵਿਭਾਗ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਕਰਕੇ ਕਮਾਏ ਪੈਸੇ ਹਵਾਲਾ ਰਾਹੀਂ ਵੱਖ-ਵੱਖ ਮੁਲਕਾਂ ‘ਚ ਭੇਜੇ ਜਾਣ ਦਾ ਸ਼ੱਕ ਹੈ |
ਹਨੀ ਦੇ ਮੁਹਾਲੀ ਵਿਚਲੇ ਫਲੈਟ ‘ਚ ਵੀ ਮਾਰਿਆ ਛਾਪਾ
ਭੁਪਿੰਦਰ ਸਿੰਘ ਹਨੀ ਦੇ ਸਥਾਨਕ ਸੈਕਟਰ-70 ਦੀ ਹੋਮਲੈਂਡ ਸੁਸਾਇਟੀ ਦੇ ਫਲੈਟ ਨੰਬਰ 53 ‘ਚ ਸਵੇਰੇ 8 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ | ਉਸ ਸਮੇਂ ਹਨੀ ਦੇ ਨਾਲ ਉਸ ਦਾ ਦੋਸਤ ਸੰਦੀਪ ਕੌਸ਼ਲ ਉਰਫ਼ ਬਾਬਾ ਵੀ ਮੌਜੂਦ ਸੀ | ਈ.ਡੀ. ਦੀ ਟੀਮ ਵਲੋਂ ਦੁਪਹਿਰ ਸਮੇਂ ਸੰਦੀਪ ਉਰਫ਼ ਕੌਸ਼ਲ ਨੂੰ ਇਨੋਵਾ ਗੱਡੀ ‘ਚ ਬਿਠਾ ਕੇ ਲੁਧਿਆਣਾ ਸਥਿਤ ਉਸ ਦੇ ਘਰ ਲਿਜਾਇਆ ਗਿਆ | ਭਾਵੇਂ ਉਕਤ ਸੁਸਾਇਟੀ ਦੀ ਸਕਿਉਰਿਟੀ ਵਲੋਂ ਪੱਤਰਕਾਰਾਂ ਤੇ ਹੋਰਨਾਂ ਨੂੰ ਉਕਤ ਫਲੈਟ ਤੱਕ ਨਹੀਂ ਜਾਣ ਦਿੱਤਾ ਗਿਆ ਪਰ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਸੁਸਾਇਟੀ ਦੇ ਗੇਟ ਨੰ. 1 ਤੇ 2 ਦੇ ਬਾਹਰ ਵੱਡੀ ਗਿਣਤੀ ‘ਚ ਮੀਡੀਆ ਕਰਮੀ ਮੌਜੂਦ ਰਹੇ | ਸੂਤਰਾਂ ਤੋਂ ਇਸ ਗੱਲ ਦੀ ਵੀ ਜਾਣਕਾਰੀ ਮਿਲੀ ਹੈ ਕਿ ਹਨੀ ਪਿਛਲੇ 2-3 ਮਹੀਨਿਆਂ ਤੋਂ ਇਸ ਫਲੈਟ ‘ਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਉਸ ਨੂੰ ਨਿੱਜੀ ਤੌਰ ‘ਤੇ ਪੰਜਾਬ ਪੁਲਿਸ ਦੀ ਸੁਰੱਖਿਆ ਵੀ ਮਿਲੀ ਹੋਈ ਸੀ | ਹਨੀ ਦੇ ਇਸ ਫਲੈਟ ‘ਚੋਂ ਕਰੋੜਾਂ ਰੁਪਏ ਈ.ਡੀ. ਨੂੰ ਮਿਲੇ ਹਨ ਕਿਉਂਕਿ ਫਲੈਟ ‘ਚ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਤੇ ਇਕ ਪਿ੍ੰਟਰ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਪਰ ਇਸ ਸੰਬੰਧੀ ਈ.ਡੀ. ਦੇ ਕਿਸੇ ਵੀ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ | ਹਨੀ ਦੇ ਬੈਂਕ ਖਾਤੇ ਤੇ ਪ੍ਰਾਪਰਟੀਆਂ ਸੰਬੰਧੀ ਵੀ ਕੁਝ ਦਸਤਾਵੇਜ਼ ਬਰਾਮਦ ਕੀਤੇ ਦੱਸੇ ਜਾ ਰਹੇ ਹਨ | ਈ.ਡੀ. ਵਲੋਂ ਕੁਦਰਤਦੀਪ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਪਰ ਕੁਦਰਤਦੀਪ ਸਿੰਘ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ | ਈ.ਡੀ. ਵਲੋਂ ਹਨੀ ਦੇ ਸੈਕਟਰ-70 ਵਿਚਲੇ ਇਕ ਸ਼ੋਅਰੂਮ, ਜਿਸ ‘ਚ ਉਸ ਦਾ ਦਫ਼ਤਰ ਸੀ, ਦੀ ਵੀ ਜਾਂਚ ਕੀਤੀ ਗਈ | ਖ਼ਬਰ ਲਿਖੇ ਜਾਣ ਤੱਕ ਈ.ਡੀ. ਦੀ ਛਾਪੇਮਾਰੀ ਜਾਰੀ ਸੀ |
ਚੰਨੀ ਦੀ ਸ਼ਮੂਲੀਅਤ ਸਾਹਮਣੇ ਆਈ-ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਈ. ਡੀ. ਦੀ ਛਾਪੇਮਾਰੀ ਨੇ ਅਕਾਲੀ ਦਲ ਦੇ ਉਨ੍ਹਾਂ ਦਾਅਵਿਆਂ ਨੂੰ ਹੋਰ ਪੁਖਤਾ ਕਰ ਦਿੱਤਾ ਹੈ, ਜਿਸ ‘ਚ ਅਕਾਲੀ ਦਲ ਇਹ ਕਹਿੰਦਾ ਰਿਹਾ ਹੈ ਕਿ ਰੇਤ ਮਾਈਨਿੰਗ ਦੇ ਕਾਰੋਬਾਰ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਮੂਲੀਅਤ ਹੈ |