Punjab Junction Newspaper | 26 December 2021
ਹੈਲਥਕੇਅਰ, ਫਰੰਟਲਾਈਨ ਵਰਕਰਾਂ ਅਤੇ 60 ਤੋਂ ਉੱਪਰ ਉਮਰ ਦੇ ਲੋਕਾਂ ਦੇ 10 ਤੋਂ ਲਗਾਈ ਜਾਵੇਗੀ ਬੂਸਟਰ ਡੋਜ਼
ਨਵੀਂ ਦਿੱਲੀ, -ਭਾਰਤ ‘ਚ ਅਗਲੇ ਸਾਲ 3 ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਐਲਾਨ ਸਨਿਚਰਵਾਰ ਰਾਤ ਨੂੰ ਦੇਸ਼ ਦੇ ਨਾਂਅ ਅਚਾਨਕ ਕੀਤੇ ਸੰਬੋਧਨ ਦੌਰਾਨ ਕੀਤਾ | ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਦੇ ਨਾਲ ਉਨ੍ਹਾਂ ਹੈਲਥਕੇਅਰ ਵਰਕਰਾਂ ਅਤੇ ਫਰੰਟਲਾਈਨ ਵਰਕਰਾਂ ਲਈ ਬੂਸਟਰ ਖੁਰਾਕ ਲਾਉਣ ਦਾ ਵੀ ਐਲਾਨ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਜਿਨ੍ਹਾਂ ਨੂੰ ਕੁਝ ਗੰਭੀਰ ਬਿਮਾਰੀ ਹੈ, ਉਨ੍ਹਾਂ ਨੂੰ ਵੀ ਡਾਕਟਰ ਦੀ ਸਲਾਹ ‘ਤੇ ਬੂਸਟਰ ਖੁਰਾਕ ਦਿੱਤੀ ਜਾ ਸਕਦੀ ਹੈ | ਹੈਲਥਕੇਅਰ ਵਰਕਰਾਂ ਅਤੇ 60 ਸਾਲ ਤੋਂ ਉੱਪਰ ਦੇ ਉਮਰ ਵਾਲੇ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਬੂਸਟਰ ਖੁਰਾਕ ਦੀ ਸੁਵਿਧਾ 10 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਾਇੰਸਦਾਨਾਂ ਅਤੇ ਮਾਹਿਰਾਂ ਦੀ ਰਾਇ ਨਾਲ ਲਿਆ ਗਿਆ ਹੈ | ਪ੍ਰਧਾਨ ਮੰਤਰੀ ਵਲੋਂ ਇਹ ਐਲਾਨ ਸਿਹਤ ਅਧਿਕਾਰੀਆਂ ਨਾਲ ਕੀਤੀ ਹੰਗਾਮੀ ਮੀਟਿੰਗ ਤੋਂ ਦੋ ਦਿਨ ਬਾਅਦ ਕੀਤਾ ਗਿਆ | ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਵਿਰੋਧੀ ਧਿਰਾਂ ਵਲੋਂ ਵੀ ਲਗਾਤਾਰ ਸਰਕਾਰ ‘ਤੇ ਬੂਸਟਰ ਖੁਰਾਕ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਸੀ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕੋਰੋਨਾ ਦੀ ਇਸ ਨਵੀਂ ਕਿਸਮ ਤੋਂ ਡਰਨ ਦੀ ਥਾਂ ‘ਤੇ ਇਸ ਦੇ ਬਚਾਅ ਅਤੇ ਕੋਵਿਡ ਨੇਮਾਂ ਦੀ ਪਾਲਣਾ ਕਰਨ ਨੂੰ ਕਿਹਾ | ਮੋਦੀ ਨੇ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਵੀ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਇਸ ਸਾਲ ਦੇ ਆਖ਼ਰੀ ਹਫ਼ਤੇ ‘ਚ ਹਾਂ | 2022 ਬਸ ਆਉਣ ਵਾਲਾ ਹੈ ਪਰ ਇਸ ਸਮੇਂ ਉਤਸ਼ਾਹ ਅਤੇ ਉਮੰਗਾਂ ਦੇ ਨਾਲ ਇਹ ਸਮਾਂ ਸੁਚੇਤ ਰਹਿਣ ਦਾ ਵੀ ਹੈ | ਉਨ੍ਹਾਂ ਮੈਡੀਕਲ ਬੁਨਿਆਦੀ ਢਾਂਚੇ ਅਤੇ ਕੋਰੋਨਾ ਸੰਬੰਧੀ ਸਰਕਾਰ ਦੀਆਂ ਤਿਆਰੀਆਂ ਦਾ ਬਿਓਰਾ ਦਿੰਦਿਆਂ ਕਿਹਾ ਕਿ ਭਾਰਤ ‘ਚ 18 ਲੱਖ ਆਈਸੋਲੇਸ਼ਨ ਬਿਸਤਰੇ, 1 ਲੱਖ, 40 ਹਜ਼ਾਰ ਆਈ.ਸੀ.ਯੂ. ਬਿਸਤਰੇ, 90 ਹਜ਼ਾਰ ਵਿਸ਼ੇਸ਼ ਬਿਸਤਰੇ ਬੱਚਿਆਂ ਲਈ ਹਨ | ਇਸ ਤੋਂ ਇਲਾਵਾ 3000 ਤੋਂ ਵੱਧ ਪੀ.ਐੱਸ.ਏ. ਆਕਸੀਜਨ ਪਲਾਂਟ ਕੰਮ ਕਰ ਰਹੇ ਹਨ | 4 ਲੱਖ ਆਕਸੀਜਨ ਸਿਲੰਡਰ ਦਿੱਤੇ ਗਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਛੇਤੀ ਹੀ ਨੇਜਲ ਅਤੇ ਡੀ.ਐੱਨ.ਏ. ਵੈਕਸੀਨ ਸ਼ੁਰੂ ਹੋਣ ਦਾ ਵੀ ਐਲਾਨ ਕੀਤਾ |
ਕੋਵੈਕਸੀਨ ਨੂੰ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੰਗਾਮੀ ਵਰਤੋਂ ਦੀ ਮਨਜ਼ੂਰੀ
ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਐਨ ਪਹਿਲਾਂ ਦਵਾਈਆਂ ਅਤੇ ਟੀਕਿਆਂ ਨੂੰ ਮਨਜ਼ੂਰੀ ਦੇਣ ਵਾਲੀ ਨੇਮਬੱਧ ਸੰਸਥਾ ‘ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਜੀ.ਸੀ.ਆਈ.)’ ਨੇ ਭਾਰਤ ਬਾਇਓਟੈੱਕ ਵਲੋਂ ਤਿਆਰ ਕੀਤੀ ਬੱਚਿਆਂ ਦੀ ਕੋਵਿਡ-19 ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ | ਭਾਰਤ ਬਾਇਓਟੈੱਕ ਵਲੋਂ ਵਿਕਸਿਤ ਕੀਤਾ ਟੀਕਾ ਕੋਵੈਕਸੀਨ 12 ਤੋਂ 18 ਸਾਲ ਦੇ ਬੱਚਿਆਂ ਨੂੰ ਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਕੋਵੈਕਸੀਨ ਦੂਜੀ ਅਜਿਹੀ ਵੈਕਸੀਨ ਹੈ ਜਿਸ ਨੂੰ ਭਾਰਤ ‘ਚ ਬੱਚਿਆਂ ਲਈ ਵਰਤੇ ਜਾਣ ਦੀ ਇਜਾਜ਼ਤ ਮਿਲੀ ਹੈ |
…………………..…………………………Chief Editor Jasdeep Singh