
Punjab Junction Weekly Newspaper / 23 November 2022
ਸੁਰੇਂਦਰਨਗਰ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚੇ ਤਨਜ਼ ਕੱਸਦਿਆਂ ਕਿਹਾ, ਜਿਨ੍ਹਾਂ ਨੂੰ ਸੱਤਾ ਤੋਂ ਬਾਹਰ ਸੁੱਟ ਦਿੱਤਾ ਗਿਆ, ਉਹ ਹੁਣ ਵਾਪਸੀ ਲਈ ਯਾਤਰਾ ਕਰ ਰਹੇ ਹਨ। ਗੁਜਰਾਤ ਦੇ ਚੋਣ ਆਧਾਰਿਤ ਕਸਬੇ ਸੁਰੇਂਦਰਨਗਰ ‘ਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਇਸ ਸੂਬੇ ਦਾ ਬਣਿਆ ਨਮਕ ਖਾ ਕੇ ਵੀ ਗੁਜਰਾਤ ਨੂੰ ਗਾਲਾਂ ਦਿੰਦੇ ਹਨ। ਉਨ੍ਹਾਂ ਕਿਹਾ, ਗੁਜਰਾਤ ਦੇਸ਼ ਦੇ 80 ਫੀਸਦੀ ਨਮਕ ਦਾ ਉਤਪਾਦਨ ਕਰਦਾ ਹੈ। ਉਨ੍ਹਾਂ ਕਿਹਾ, ਸੱਤਾ ਤੋਂ ਬੇਦਖਲ ਕੀਤੇ ਗਏ ਲੋਕ ਵਾਪਸੀ ਲਈ ਯਾਤਰਾ ਕੱਢ ਰਹੇ ਹਨ। ਉਹ ਅਜਿਹਾ ਕਰ ਸਕਦੇ ਹਨ, ਪਰ ਉਹ ਉਨ੍ਹਾਂ ਲੋਕਾਂ ਨਾਲ ਚੱਲ ਰਹੇ ਹਨ, ਜਿਨ੍ਹਾਂ ਨੇ ਨਰਮਦਾ ਡੈਮ ਪ੍ਰਾਜੈਕਟ ਨੂੰ 40 ਸਾਲਾਂ ਤੱਕ ਰੋਕੀ ਰੱਖਿਆ। ਮੋਦੀ ਇਥੇ ਨਰਮਦਾ ਬਚਾਉ ਅੰਦੋਲਨ ਦੀ ਸੂਤਰਧਾਰ ਮੇਧਾ ਪਾਟਕਰ ਵੱਲ ਇਸ਼ਾਰਾ ਕਰ ਰਹੇ ਸਨ, ਜਿਸ ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ‘ਚ ਮਹਾਰਾਸ਼ਟਰ ‘ਚ ਸ਼ਮੂਲੀਅਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਲੋਕ ਉਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ ਦਾ ਨਿਰਣਾ ਕਰ ਚੁੱਕੇ ਹਨ, ਜਿਨ੍ਹਾਂ ਨਰਮਦਾ ਡੈਮ ਪ੍ਰਾਜੈਕਟ ਨੂੰ 40 ਸਾਲਾਂ ਤੱਕ ਰੋਕੀ ਰੱਖਿਆ। ਉਨ੍ਹਾਂ ਕਿਹਾ, ਵਿਰੋਧੀ ਧਿਰ ਕਾਂਗਰਸ ਚੋਣਾਂ ਦੌਰਾਨ ਵਿਕਾਸ ਬਾਰੇ ਗੱਲ ਕਰਨ ਦੀ ਥਾਂ ਕਹਿ ਰਹੀ ਹੈ ਕਿ ਉਹ ਉਸ ਨੂੰ ਔਕਾਤ ਦਿਖਾ ਦੇਣਗੇ। ਬੀਤੇ ਸਮੇਂ ‘ਚ ਕਾਂਗਰਸ ਨੇ ਮੇਰੇ ਲਈ ‘ਨੀਚ ਆਦਮੀ, ਮੌਤ ਦਾ ਸੁਦਾਗਰ, ਨਾਲੀ ਦਾ ਕੀੜਾ’ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ਮੋਦੀ ਦੀ ਕੋਈ ਔਕਾਤ ਨਹੀਂ, ਉਹ ਲੋਕਾਂ ਦਾ ਸੇਵਕ ਹੈ।
Chief Editor- Jasdeep Singh (National Award Winner)