ਸੂਬੇ ਦੀ ਸਿਆਸੀ ਹਵਾ ਦਾ ਰੁਖ਼ ਅਕਾਲੀ-ਬਸਪਾ ਗੱਠਜੋੜ ਦੇ ਹੱਕ ‘ਚ-ਮਜੀਠੀਆ

Punjab Junction Newspaper | 19 January 2022

ਜਲੰਧਰ,  -ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਮੇਂ ਸੂਬੇ ਦੀ ਸਿਆਸੀ ਹਵਾ ਦਾ ਰੁਖ਼ ਅਕਾਲੀ-ਬਸਪਾ ਗੱਠਜੋੜ ਦੇ ਹੱਕ ‘ਚ ਹੈ ਤੇ ਰਾਜ ਅੰਦਰ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨੀ ਲਗਪਗ ਤੈਅ ਹੈ | ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਵਲੋਂ ਗੱਠਜੋੜ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਲੋਕ ਸੂਬੇ ‘ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਬੇਸਬਰੀ ਨਾਲ 20 ਫਰਵਰੀ ਦੀ ਉਡੀਕ ਕਰ ਰਹੇ ਹਨ | ਇਹ ਦਾਅਵਾ ਉਨ੍ਹਾਂ ਅੱਜ ਇਥੇ ‘ਅਜੀਤ’ ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਪੰਜਾਬੀਆਂ ਦੇ ਦੁੱਖ ਦਰਦ ਨੂੰ ਜੇਕਰ ਕਿਸੇ ਪਾਰਟੀ ਨੇ ਸਮਝਿਆ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਿਛਲੀ ਅਕਾਲੀ ਦਲ ਦੀ ਸਰਕਾਰ ਵਲੋਂ ਜਿਥੇ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਮਾਮਲੇ ‘ਚ ਬੇਮਿਸਾਲ ਕੰਮ ਕੀਤੇ ਗਏ, ਉਥੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ | ਇਸੇ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਨਾਲ ਸੂਬੇ ਅੰਦਰ ਵੱਡੇ-ਵੱਡੇ ਪੁਲਾਂ ਅਤੇ ਸੜਕਾਂ ਦਾ ਜਾਲ ਵਿਛਾਇਆ ਗਿਆ ਤੇ ਸੂਬਾ ਬਿਜਲੀ ਪੱਖੋਂ ਵੀ ਪੂਰੀ ਤਰ੍ਹਾਂ ਨਾਲ ਸਮਰੱਥ ਰਾਜ ਬਣ ਸਕਿਆ | ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਬੱਡੀ ਕੱਪ ਵਰਗੇ ਵੱਡੇ ਟੂਰਨਾਮੈਂਟ ਕਰਕੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ | ਉਨ੍ਹਾਂ ਰਾਜ ਦੀ ਕਾਂਗਰਸ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਦੱਸਦੇ ਹੋਏ ਕਿਹਾ ਕਿ ਕਾਂਗਰਸ ਨੂੰ ਇਸ ਦੀ ਧੜੇਬੰਦੀ ਲੈ ਬੈਠੇਗੀ, ਜਦਕਿ ਆਮ ਆਦਮੀ ਪਾਰਟੀ ਨੂੰ ਉਸ ਦਾ ਝੂਠ ਲੈ ਡੁੱਬੇਗਾ |
ਕਾਂਗਰਸ ਧੜੇਬੰਦੀ ਦੀ ਸ਼ਿਕਾਰ
ਸ. ਬਿਕਰਮ ਸਿੰਘ ਮਜੀਠੀਆ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਕਾਂਗਰਸ ਨਾਲ ਅਕਾਲੀ-ਬਸਪਾ ਗੱਠਜੋੜ ਦਾ ਕੋਈ ਮੁਕਾਬਲਾ ਨਹੀਂ ਹੈ | ਕਾਂਗਰਸ ਇਸ ਸਮੇਂ ਧੜੇਬੰਦੀ ਦੀ ਸ਼ਿਕਾਰ ਹੈ ਤੇ ਦੂਸਰਾ ਕਾਂਗਰਸ ਵਲੋਂ ਕੀਤੀ ਗਈ ਵਾਅਦਾ ਖ਼ਿਲਾਫ਼ੀ ਕਾਰਨ ਵੀ ਰਾਜ ਦੇ ਲੋਕ ਕਾਂਗਰਸ ਤੋਂ ਬੇਹੱਦ ਨਾਰਾਜ਼ ਅਤੇ ਗੁੱਸੇ ‘ਚ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਨਾ ਤਾਂ ਨੌਜਵਾਨਾਂ ਨੂੰ ਘਰ-ਘਰ ਨੌਕਰੀ ਮਿਲ ਸਕੀ ਤੇ ਨਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਪੂਰਨ ਕਰਜ਼ਾ ਹੀ ਮੁਆਫ ਹੋ ਸਕਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਕਾਂਗਰਸ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਪਿਛਲੇ ਪੰਜਾਂ ਸਾਲਾਂ ‘ਚ ਕਾਂਗਰਸ ਸੂਬੇ ਅੰਦਰ ਕੋਈ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੀ ਤੇ ਨਾ ਹੀ ਕੋਈ ਸਨਅਤ ਹੀ ਨਵੀਂ ਆਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸੂਬਾ ਹਰ ਖੇਤਰ ‘ਚ ਪੱਛੜ ਗਿਆ ਹੈ ਤੇ ਪੰਜਾਬ ਸਿਰ ਕਰਜ਼ਾ ਵੀ ਵਧ ਕੇ 3 ਲੱਖ ਕਰੋੜ ਤੋਂ ਪਾਰ ਹੋ ਗਿਆ ਹੈ |
‘ਆਪ’ ਦੀ ਮਾਨਸਿਕਤਾ ਪੰਜਾਬ ਤੇ ਸਿੱਖ ਵਿਰੋਧੀ
ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਦੀ ਤਰ੍ਹਾਂ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀ ਪਾਰਟੀ ਦੱਸਦੇ ਹੋਏ ਕਿਹਾ ਕਿ ‘ਆਪ’ ਦੀ ਮਾਨਸਿਕਤਾ ਹਮੇਸ਼ਾ ਪੰਜਾਬ ਵਿਰੋਧੀ ਰਹੀ ਹੈ | ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਹਮੇਸ਼ਾ ਪੰਜਾਬ ਦੇ ਵਿਰੁੱਧ ਸਟੈਂਡ ਲਏ ਹਨ, ਗੱਲ ਚਾਹੇ ਪੰਜਾਬ ਦੇ ਪਾਣੀਆਂ ਦੀ ਹੋਵੇ ਜਾਂ ਫਿਰ ਹਵਾ ਪ੍ਰਦੂਸ਼ਣ ਸਮੇਤ ਹੋਰਨਾਂ ਮੁੱਦਿਆਂ ਦੀ, ‘ਆਪ’ ਹਮੇਸ਼ਾ ਪੰਜਾਬ ਦੇ ਵਿਰੁੱਧ ਭੁਗਤਦੀ ਰਹੀ ਹੈ | ਇਸੇ ਤਰ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ ‘ਚ ਵੀ ‘ਆਪ’ ਨੇ ਹਮੇਸ਼ਾ ਦੋਹਰੇ ਮਾਪਦੰਡ ਅਪਣਾਉਂਦੇ ਹੋਏ ਸਿੱਖ ਕੈਦੀਆਂ ਦੀ ਰਿਹਾਈ ‘ਚ ਅੜਿੱਕਾ ਡਾਹਿਆ ਹੈ | ਉਨ੍ਹਾਂ ‘ਆਪ’ ‘ਤੇ ਝੂਠ ਦੀ ਰਾਜਨੀਤੀ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਸਵਾਲ ਕੀਤਾ ਕਿ ਦਿੱਲੀ ‘ਚ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਕਿਉਂ ਨਹੀਂ ਦਿੱਤਾ ਗਿਆ ਤੇ ਉਥੋਂ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਕਿਉਂ ਨਹੀਂ ਦਿੱਤੀ ਗਈ ਆਦਿ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਪੰਜਾਬ ਦੀ ਜਨਤਾ ਇਨ੍ਹਾਂ ਚੋਣਾਂ ‘ਚ ਮੰਗੇਗੀ |
ਸੂਬੇ ਦੇ ਲੋਕਾਂ ਨੇ ‘ਆਪ’ ਦੇ ਸਰਵੇ ਨੂੰ ਨਕਾਰਿਆ
ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਦੇ ਚਿਹਰੇ ਲਈ ‘ਆਪ’ ਵਲੋਂ ਕਰਵਾਏ ਗਏ ਸਰਵੇ ਨੂੰ ਡਰਾਮੇਬਾਜ਼ੀ ਦੱਸਦੇ ਹੋਏ ਕਿਹਾ ਕਿ ਇਸ ਸਰਵੇ ਨੂੰ ਰਾਜ ਦੇ ਲੋਕਾਂ ਨੇ ਨਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਇਸ ਸਰਵੇ ‘ਚ ਕੋਈ ਦਿਲਚਸਪੀ ਨਹੀਂ ਦਿਖਾਈ, ਜਿਸ ਦਾ ਸਬੂਤ ‘ਆਪ’ ਦੇ ਇਸ ਦਾਅਵੇ ਤੋਂ ਮਿਲਦਾ ਹੈ ਕਿ 2.40 ਕਰੋੜ ਵੋਟਰਾਂ ‘ਚੋਂ ਕੇਵਲ 23 ਲੱਖ ਲੋਕਾਂ ਵਲੋਂ ਆਪਣੀ ਰਾਇ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਅਸਲ ‘ਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ‘ਆਪ’ ਲਈ ਮਜਬੂਰੀ ਬਣ ਗਿਆ ਸੀ, ਕਿਉਂਕਿ ਪਾਰਟੀ ਨੂੰ ਕੋਈ ਵੀ ਉਮੀਦਵਾਰ ਲੱਭ ਹੀ ਨਹੀਂ ਸੀ ਰਿਹਾ |
ਸਿੱਧੂ ਤੋਂ ਵੱਧ ਮੌਕਾਪ੍ਰਸਤ ਕੋਈ ਨਹੀਂ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅਕਸਰ ਉਨ੍ਹਾਂ ਖ਼ਿਲਾਫ਼ ਕੀਤੀ ਜਾਂਦੀ ਬਿਆਨਬਾਜ਼ੀ ਬਾਰੇ ਗੱਲ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਸਿੱਧੂ ਨੂੰ ਸਭ ਤੋਂ ਵੱਡਾ ਮੌਕਾਪ੍ਰਸਤ ਆਗੂ ਦੱਸਦੇ ਹੋਏ ਕਿਹਾ ਕਿ ਉਸ ਨੇ ਆਪਣੇ ਸਿਆਸੀ ਫਾਇਦੇ ਲਈ ਪਾਰਟੀਆਂ ਤੱਕ ਬਦਲ ਦਿੱਤੀਆਂ | ਉਨ੍ਹਾਂ ਕਿਹਾ ਕਿ ਕਦੇ ਭਾਜਪਾ ਦੇ ਗੁਣ ਗਾਉਣ ਵਾਲਾ ਅਤੇ ਕਾਂਗਰਸ ਨੂੰ ‘ਮੁੰਨੀ’ ਤੋਂ ਵੱਧ ਬਦਨਾਮ ਦੱਸਣ ਵਾਲਾ ਸਿੱਧੂ ਅੱਜ ਖੁਦ ਕਾਂਗਰਸ ਦੀ ਬੋਲੀ ਬੋਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਕਈ ਤਰ੍ਹਾਂ ਦੇ ਨਾਂਅ ਦੇਣ ਵਾਲਾ ਵੀ ਸ. ਸਿੱਧੂ ਹੀ ਹੈ | ਇਸ ਮੌਕੇ ਉਨ੍ਹਾਂ ‘ਆਪ’ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਵਲੋਂ ਸਿੱਧੂ ਬਾਰੇ ਦਿੱਤੇ ਇਸ ਬਿਆਨ ਕਿ ਸਾਈਕਲ ਦਾ ਤਾਂ ਸਟੈਂਡ ਹੁੰਦਾ ਹੈ ਪਰ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ, ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਸ. ਸਿੱਧੂ ਕਦੋਂ ਯੂ-ਟਰਨ ਲੈ ਜਾਣ ਕੁਝ ਪਤਾ ਨਹੀਂ ਲਗਦਾ |
ਮੇਰੇ ਖ਼ਿਲਾਫ਼ ਕੇਸ ਸਿਆਸੀ ਲਾਹਾ ਲੈਣ ਲਈ
ਬਿਕਰਮ ਸਿੰਘ ਮਜੀਠੀਆ ਨੇ ਆਪਣੇ ਖ਼ਿਲਾਫ਼ ਦਰਜ ਹੋਏ ਕੇਸ ਨੂੰ ਸਿਆਸੀ ਬਦਲਾਖੋਰੀ ਦੀ ਸਿਖਰ ਦੱਸਦੇ ਹੋਏ ਕਿਹਾ ਕਿ ਕਾਂਗਰਸ ਨੇ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਖ਼ਿਲਾਫ਼ ਇਹ ਝੂਠਾ ਕੇਸ ਦਰਜ ਕਰਵਾਇਆ ਹੈ | ਉਨ੍ਹਾਂ ਇਸ ਮਾਮਲੇ ਦੇ ਪਿਛੋਕੜ ਅਤੇ ਕਾਂਗਰਸ ਵਲੋਂ ਲਗਾਤਾਰ ਘੜੀਆਂ ਜਾ ਰਹੀਆਂ ਸਾਜਿਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਆਗੂਆਂ ਵਲੋਂ ਉਨ੍ਹਾਂ ਨੂੰ ਝੂਠੇ ਕੇਸ ‘ਚ ਫਸਾਉਣ ਲਈ ਤਿੰਨ ਮਹੀਨਿਆਂ ਅੰਦਰ ਹੀ 4-4 ਡੀ. ਜੀ. ਪੀ. ਬਦਲਣੇ ਪਏ | ਉਨ੍ਹਾਂ ਸਾਬਕਾ ਪੁਲਿਸ ਮੁਖੀ ਸਿਧਾਰਥ ਚਟੋਪਾਧਿਆਏ ਵਲੋਂ ਇਸ ਸਾਰੇ ਮਾਮਲੇ ‘ਚ ਨਿਭਾਈ ਗਈ ਭੂਮਿਕਾ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਇਸ ਸਾਰੇ ਮਾਮਲੇ ‘ਚ ਝੂਠ ਤੇ ਸੱਚ ਦਾ ਫ਼ੈਸਲਾ ਸੂਬੇ ਦੇ ਲੋਕਾਂ ‘ਤੇ ਛੱਡਦੇ ਹੋਏ ਕਿਹਾ ਕਿ ਆਉਂਦੀਆਂ ਚੋਣਾਂ ‘ਚ ਲੋਕ ਇਸ ਦਾ ਫ਼ੈਸਲਾ ਕਰਨਗੇ |
ਮੇਰੇ ਰੂਪੋਸ਼ ਹੋਣ ਬਾਰੇ ਸਰਕਾਰ ਨੂੰ ਸਭ ਪਤਾ ਸੀ
ਪਰਚੇ ਤੋਂ ਬਾਅਦ ਰੂਪੋਸ਼ ਹੋਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੇਰੇ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੱਕ ਸਾਰਿਆਂ ਨੂੰ ਪਤਾ ਸੀ ਕਿ ਮੈਂ ਕਿੱਥੇ ਹਾਂ | ਦਰਬਾਰ ਸਾਹਿਬ ਅੰਮਿ੍ਤਸਰ ‘ਚ ਮੱਥਾ ਟੇਕਣ ਬਾਰੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਬਾਰੇ ਸੱਚਾਈ ਲੋਕਾਂ ਸਾਹਮਣੇ ਰੱਖਦੇ ਹੋਏ ਉਨ੍ਹਾਂ ਮੰਨਿਆ ਕਿ ਇਹ ਤਸਵੀਰਾਂ ਉਨ੍ਹਾਂ ਦੀਆਂ ਹੀ ਸਨ ਤੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਨੂੰ ਫਸਾਉਣ ਲਈ ਹਰ ਹੀਲਾ ਵਰਤਿਆ ਗਿਆ ਪਰ ਸੱਚ ਤਾਂ ਸੱਚ ਹੀ ਹੁੰਦਾ ਹੈ ਤੇ ਪ੍ਰਮਾਤਮਾ ਦੀ ਮਿਹਰ ਨਾਲ ਸੱਚਾਈ ਲੋਕਾਂ ਦੇ ਸਾਹਮਣੇ ਆ ਰਹੀ ਹੈ |

                                                                 …………..…………Chief Editor Jasdeep Singh