Punjab Junction Newspaper | 25 January 2022
ਚੰਡੀਗੜ੍ਹ,
ਪੰਜਾਬ ‘ਚ ਕਈ ਵਾਰ ਸਰਕਾਰਾਂ ਬਦਲੀਆਂ, ਵੱਖ-ਵੱਖ ਪਾਰਟੀਆਂ ਸੱਤਾ ‘ਚ ਆਈਆਂ ਤੇ ਗਈਆਂ, ਪਰ ਇਹ ਸ਼ਖ਼ਸ ਪਿਛਲੇ 15 ਸਾਲਾਂ ਤੋਂ ਲਗਾਤਾਰ ਸੱਤਾ ‘ਚ ਹੈ | ਪਾਰਟੀਆਂ ਬਦਲ-ਬਦਲ ਕੇ ਇਸ ਵਿਅਕਤੀ ਨੇ ਹਮੇਸ਼ਾ ਸੱਤਾ ਦਾ ਅਨੰਦ ਮਾਣਿਆ | 10 ਸਾਲ ਅਕਾਲੀ-ਭਾਜਪਾ ਸਰਕਾਰ ‘ਚ ਅਤੇ ਪੰਜ ਸਾਲ ਕਾਂਗਰਸ ਸਰਕਾਰ ‘ਚ ਸੱਤਾ ਦਾ ਹਿੱਸਾ ਰਿਹਾ | ਪਰ ਪਿਛਲੇ 15 ਸਾਲਾਂ ਤੋਂ ਸੱਤਾ ‘ਚ ਰਹਿਣ ਦੇ ਬਾਵਜੂਦ ਇਸ ਨੇ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ | ਇਹ ਗੱਲ ‘ਆਪ’ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਹੀ | ਸੋਮਵਾਰ ਨੂੰ ਚੰਡੀਗੜ੍ਹ ਹੈੱਡਕੁਆਰਟਰ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਸਿੱਧੂ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ‘ਚ ਕਹਾਵਤ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ | ਸਿੱਧੂ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਜਿਸ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਉਹ ‘ਮੁੰਨੀ’ ਅਤੇ ‘ਪੱਪੂ’ ਕਹਿੰਦੇ ਸਨ, ਉਨ੍ਹਾਂ ਨੂੰ ਭਗਵਾਨ ਵਾਂਗ ਪੂਜਣ ਲੱਗੇ | ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ‘ਡਰਾਮਾ ਕੁਈਨ’ ਹਨ |