Punjab Junction Weekly Newspaper / 04 November 2022
ਬੇਗੋਵਾਲ,
ਸ਼ੋ੍ਰਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਮੁਅੱਤਲ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਉਪਰੰਤ ਅੱਜ ਬੀਬੀ ਜਗੀਰ ਕੌਰ ਨੇ ਆਪਣੇ ਚੋਣ ਲੜਣ ਦੇ ਫ਼ੈਸਲੇ ‘ਤੇ ਕਾਇਮ ਦੱਸਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਮਲਾਵਰ ਰੁੱਖ ਅਪਣਾਉਂਦਿਆਂ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸਿੱਖ ਪੰਥ ਦੀ ਸੋਚ ਨਾਲ ਬਣੀ ਪਾਰਟੀ ਹੈ ਤੇ ਇਸ ਨੂੰ ਕੁਰਬਾਨੀਆਂ ਤੋਂ ਬਾਅਦ ਵੱਡਾ ਮੁਕਾਮ ਹਾਸਲ ਹੋਇਆ ਤੇ ਇਹ ਕਿਸੇ ਵੀ ਇਕ ਵਿਅਕਤੀ ਦੀ ਪਾਰਟੀ ਨਹੀਂ ਤੇ ਉਹ ਹਮੇਸ਼ਾ ਅਕਾਲੀ ਦਲ ਨਾਲ ਰਹਿ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦੇ ਮਿਲੀਭੁਗਤ ਹੋਣ ਦੇ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਹਨ | ਉਨ੍ਹਾਂ ਕਿਹਾ ਕਿ ਜਿੱਥੇ ਤੱਕ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕਰਨ ਦਾ ਮਾਮਲਾ ਹੈ ਮਨਜਿੰਦਰ ਸਿੰਘ ਸਿਰਸਾ ਪਾਰਟੀ ਪ੍ਰਧਾਨ ਦਾ ਆਪਣਾ ਆਗੂ ਸੀ, ਜਿਸਦੀ ਪਾਰਟੀ ਪ੍ਰਧਾਨ ਨਾਲ ਨੇੜਤਾ ਰਹੀ ਸੀ ਪਰ ਕਿਸੇ ਨਾਲ ਫ਼ੋਨ ‘ਤੇ ਗੱਲ ਕਰ ਲੈਣਾ ਪਾਪ ਨਹੀਂ | ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਨਾਲ ਗੱਠਜੋੜ ਸੀ ਤਾਂ ਉਨ੍ਹਾਂ ਦੇ ਸੰਸਦ ਮੈਂਬਰ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਰਹੇ ਤੇ ਕਿਸਾਨੀ ਸੰਘਰਸ਼ ਦੌਰਾਨ ਗੱਠਜੋੜ ਤੋੜਨ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਬਾਹਰ ਆਉਣ ਲਈ ਵੀ ਪਾਰਟੀ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਕੀਤੀ | ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਹੋਏ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਆਪਣਾ ਸੰਵਿਧਾਨਕ ਹੱਕ ਵਰਤਦੇ ਹੋਏ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਲਿਫ਼ਾਫ਼ਾ ਕਲਚਰ ਬੰਦ ਕਰਨ ਦੀ ਆਵਾਜ਼ ਚੁੱਕੀ ਹੈ ਤਾਂ ਉਸ ‘ਚ ਕੁਝ ਵੀ ਗਲਤ ਨਹੀਂ | ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕਤੰਤਰੀ ਤਰੀਕੇ ਨਾਲ ਚੋਣ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਤੇ ਸੀਨੀਅਰ ਆਗੂ ਉਨ੍ਹਾਂ ਦੇ ਸੰਪਰਕ ‘ਚ ਹਨ | ਉਨ੍ਹਾਂ ਵਲੋਂ ਹੀ ਮੈਨੂੰ ਚੋਣ ਲੜਣ ਲਈ ਸਮਰਥਨ ਮਿਲ ਰਿਹਾ ਹੈ | ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਪਾਰਟੀ ਪ੍ਰਧਾਨ ਦੀ ਸ਼ਹਿ ‘ਤੇ ਅਨੁਸ਼ਾਸਨੀ ਕਮੇਟੀ ਦੇ ਮੈਂਬਰਾਂ ਵਲੋਂ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਨੂੰ ਮੇਰਾ ਸਾਥ ਦੇਣ ‘ਤੇ ਪਾਰਟੀ ‘ਚੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਸਕਦੀ ਤੇ ਨਾ ਹੀ ਉਹ ਪਾਰਟੀ ਨੂੰ ਅਲਵਿਦਾ ਕਹਿਣਗੇ | ਪਾਰਟੀ ਮੇਰੀ ਹੈ ਤੇ ਮੈਂ ਸ਼ੋ੍ਰਮਣੀ ਅਕਾਲੀ ਦਲ ‘ਚ ਹੀ ਰਹਿ ਕਿ ਸਿੱਖ ਪੰਥ ਦੀ ਸੇਵਾ ਕਰਦੀ ਹਾਂ ਤੇ ਕਰਦੀ ਰਹਾਂਗੀ |
Chief Editor- Jasdeep Singh (National Award Winner)