ਸਰਕਾਰ ਭਖਦੇ ਮੁੱਦਿਆਂ ‘ਤੇ ਬਹਿਸ ਕਰਨ ਤੋਂ ਭੱਜੀ-ਬਾਜਵਾ

Punjab Junction Weekly Newspaper / 05 October 2022

ਚੰਡੀਗੜ੍ਹ,  ਬਾਈਕਾਟ ਕਰਨ ਮਗਰੋਂ ਕਾਂਗਰਸੀ ਵਿਧਾਇਕਾਂ ਵਲੋਂ ਸਦਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ ਗਿਆ | ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਦਨ ਵਿਚ ਸਰਕਾਰ ਲੋਕਾਂ ਦੇ ਭਖਦੇ ਮਸਲਿਆਂ ‘ਤੇ ਚਰਚਾ ਕਰਨ ਤੋਂ ਭੱਜ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਸਿਫ਼ਰ ਕਾਲ ਦੀ ਮੰਗ ਕਰਦਿਆਂ ਲੋਕ ਮੁੱਦਿਆਂ ‘ਤੇ ਬਹਿਸ ਕਰਨ ਦੀ ਗੱਲ ਕਹੀ ਸੀ, ਜਦਕਿ ਸਰਕਾਰ ਵਲੋਂ ਸਿਫ਼ਰ ਕਾਲ ਦੀ ਜਗ੍ਹਾ ਭਰੋਸਗੀ ਮਤੇ ‘ਤੇ ਬਹਿਸ ਸ਼ੁਰੂ ਕਰਵਾ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕਾਂ ਵਲੋਂ ਸੂਬੇ ਵਿਚ ਗੈਂਗਸਟਰ, ਨਸ਼ੇ, ਕਿਸਾਨ, ਬੇਰੁਜ਼ਗਾਰੀ, ਮੁਲਾਜ਼ਮਾਂ ਸਮੇਤ ਹੋਰ ਮੁੱਦਿਆਂ ‘ਤੇ ਸਰਕਾਰ ਤੋਂ ਜਵਾਬ ਮੰਗਣੇ ਸੀ, ਜਿਸ ਦੇ ਚੱਲਦੇ ਸਰਕਾਰ ਜਵਾਬ ਦੇਣ ਤੋਂ ਭੱਜ ਗਈ | ਸਦਨ ਵਿਚ ‘ਆਪ’ ਵਿਧਾਇਕ ਵਲੋਂ ‘ਆਪਰੇਸ਼ਨ ਲੋਟਸ’ ਸੰਬੰਧੀ ਤਾਜ਼ਾ ਬਿਆਨ ਵਿਜੀਲੈਂਸ ਕੋਲ ਦਰਜ ਕਰਵਾਉਣ ਸੰਬੰਧੀ ਦਾਅਵੇ ‘ਤੇ ਗੱਲ ਕਰਦਿਆਂ ਸ.ਬਾਜਵਾ ਨੇ ਕਿਹਾ ਕਿ ਸਦਨ ਵਿਚ ‘ਆਪ’ ਵਿਧਾਇਕ ਸ਼ੀਤਲ ਅੰਗੂਰਾਲ ਨੇ ‘ਅਪਰੇਸ਼ਨ ਲੋਟਸ’ ਸੰਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਨਾਮ ਲਿਆ ਹੈ ਅਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਵਿਚ ਹਿੰਮਤ ਹੈ ਤਾਂ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਪਰਚਾ ਦਰਜ ਕਰਕੇ ਦਿਖਾਓ | ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਰੋਧੀ ਧਿਰ ਲੋਕ ਮਸਲਿਆਂ ‘ਤੇ ਚਰਚਾ ਕਰਨਾ ਚਾਹੁੰਦੀ ਸੀ ਪਰ ਸਰਕਾਰ ਨੇ ਸਮਾਂ ਨਹੀਂ ਦਿੱਤਾ ਅਤੇ ਅਜਿਹਾ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਤਾਂ ਭੱਜੀ ਹੈ ਅਤੇ ਲੋਕਤੰਤਰ ਦਾ ਕਤਲ ਵੀ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਹੋਰ ਮੁੱਦਿਆਂ ਸਮੇਤ ਮੰਤਰੀ ਫੌਜਾ ਸਿੰਘ ਸਰਾਰੀ ਦਾ ਮੁੱਦਾ ਚੁੱਕਣਾ ਸੀ ਪਰ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕਾਰਵਾਈ ‘ਚੋਂ ਸਿਫ਼ਰ ਕਾਲ ਹੀ ਉਡਾ ਦਿੱਤਾ | ਕਾਂਗਰਸ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਬਦਲਾਅ ਲਿਆਉਣ ਦੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਬੱਚਿਆਂ ਦੀ, ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤੇ ਸਰਕਾਰ ਸੁੱਤੀ ਪਈ ਹੈ |

Chief Editor- Jasdeep Singh  (National Award Winner)