ਸਕਰੀਨਿੰਗ ਕਮੇਟੀ ਨੇ ਬਾਕੀ 31 ਸੀਟਾਂ ਲਈ ਸਿਫ਼ਾਰਸ਼ਾਂ ਸੋਨੀਆ ਨੂੰ ਭੇਜੀਆਂ

Punjab Junction Newspaper | 21 January 2022


ਚੰਡੀਗੜ੍ਹ,

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀਆਂ ਸਿਫ਼ਾਰਸ਼ਾਂ ਕਰਨ ਸੰਬੰਧੀ ਪਾਰਟੀ ਦੀ ਸਕਰੀਨਿੰਗ ਕਮੇਟੀ ਵਲੋਂ ਬਾਕੀ ਰਹਿੰਦੀਆਂ 31 ਸੀਟਾਂ ਲਈ ਵੀ ਆਪਣੀਆਂ ਸਿਫ਼ਾਰਸ਼ਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਗਈਆਂ ਹਨ | ਪਾਰਟੀ ਦੇ ਉੱਚ ਸੂਤਰਾਂ ਅਨੁਸਾਰ ਪਾਰਟੀ ਸੈਂਟਰਲ ਚੋਣ ਕਮੇਟੀ ਜਿਸ ਦੀਆਂ ਪੰਜ ਰਾਜਾਂ ਦੀਆਂ ਪਾਰਟੀ ਟਿਕਟਾਂ ਸੰਬੰਧੀ ਫ਼ੈਸਲਾ ਲੈਣ ਲਈ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਵਲੋਂ ਸਕਰੀਨਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਸਨਿਚਰਵਾਰ ਨੂੰ ਵਿਚਾਰ ਕੀਤੇ ਜਾਣ ਦਾ ਪ੍ਰੋਗਰਾਮ ਹੈ | ਇਸ ਸੂਚੀ ‘ਚ ਪਾਰਟੀ ਦੇ ਉਨ੍ਹਾਂ 13 ਮੌਜੂਦਾ ਵਿਧਾਇਕਾਂ ਦੇ ਹਲਕੇ ਵੀ ਸ਼ਾਮਿਲ ਹਨ ਜਿਨ੍ਹਾਂ ਸੰਬੰਧੀ ਸਰਵੇਖਣ ਰਿਪੋਰਟਾਂ ‘ਚ ਉਮੀਦਵਾਰ ਬਦਲਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਸੂਚਨਾ ਅਨੁਸਾਰ ਕਮੇਟੀ ਵਲੋਂ ਕਿਸੇ ਵੀ ਮੌਜੂਦਾ ਵਿਧਾਇਕ ਦੀ ਟਿਕਟ ਕੱਟਣ ਦਾ ਫ਼ੈਸਲਾ ਪਾਰਟੀ ਹਾਈਕਮਾਨ ‘ਤੇ ਛੱਡ ਦਿੱਤਾ ਗਿਆ ਹੈ | ਇਨ੍ਹਾਂ ਵਿਧਾਇਕ ਦੇ ਹਲਕਿਆਂ ਸਮੇਤ ਕਈ ਹਲਕਿਆਂ ਸੰਬੰਧੀ ਕਮੇਟੀ ਨੇ ਇਕ ਤੋਂ ਵੱਧ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਅਤੇ ਫ਼ੈਸਲਾ ਲੈਣ ਦਾ ਅਧਿਕਾਰ ਹਾਈਕਮਾਨ ‘ਤੇ ਛੱਡਿਆ ਗਿਆ ਹੈ ਪਰ ਉੱਚ ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਸੈਂਟਰਲ ਚੋਣ ਕਮੇਟੀ ਲਈ ਅਜਿਹੇ ਹਲਕਿਆਂ ਲਈ ਫ਼ੈਸਲੇ ਲੈਣੇ ਕਾਫ਼ੀ ਔਖੇ ਹੋਣਗੇ ਜਿੱਥੇ ਹਲਕਿਆਂ ਲਈ ਇਕ ਤੋਂ ਵੱਧ ਨਾਵਾਂ ਦੀਆਂ ਸਿਫ਼ਾਰਸ਼ਾਂ ਹਨ ਅਤੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਸਬੰਧੀ ਫ਼ੈਸਲਾ ਲੈਣਾ ਕਾਫ਼ੀ ਔਖਾ ਹੋਵੇਗਾ ਕਿਉਂਕਿ ਪਾਰਟੀ ਹਾਈਕਮਾਨ ਵੀ ਇਹ ਨਹੀਂ ਚਾਹੁੰਦਾ ਕਿ ਇਸ ਮੌਕੇ ਕੋਈ ਕਾਂਗਰਸੀ ਆਗੂ ਟਿਕਟ ਨਾ ਮਿਲਣ ਕਾਰਨ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵੱਲ ਦੌੜੇ ਪਰ ਪਾਰਟੀ ਹਾਈਕਮਾਨ ਜੇਤੂ ਉਮੀਦਵਾਰਾਂ ਨੂੰ ਜ਼ਰੂਰ ਤਰਜੀਹ ਦੇਣਾ ਚਾਹੇਗੀ | ਸੰਭਵ ਹੈ ਕਿ ਪਾਰਟੀ ਦੀ ਸੈਂਟਰਲ ਕਮੇਟੀ ਆਪਣੀ ਅਗਲੀ ਮੀਟਿੰਗ ਦੌਰਾਨ 31 ਦੀ ਸੂਚੀ ‘ਚੋਂ ਕੁਝ ਨਾਵਾਂ ਸੰਬੰਧੀ ਫ਼ੈਸਲਾ ਲੈਂਦਿਆਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦੇਵੇ | ਜਦੋਂਕਿ ਬਾਕੀ ਰਹਿੰਦੇ ਹਲਕਿਆਂ ਲਈ ਦੂਜੀਆਂ ਪਾਰਟੀਆਂ ਦੀਆਂ ਸੂਚੀਆਂ ਵੇਖਣ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇ | ਵਰਨਣਯੋਗ ਹੈ ਕਿ ਸੈਂਟਰਲ ਚੋਣ ਕਮੇਟੀ ਜਿਸ ਦੀ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਸ੍ਰੀਮਤੀ ਸੋਨੀਆ ਗਾਂਧੀ ਕਰਦੇ ਹਨ ਵਿਚ ਪੰਜਾਬ ਤੋਂ ਚੋਣ ਮੁਹਿੰਮ ਦੇ ਮੁਖੀ ਸ੍ਰੀ ਸੁਨੀਲ ਜਾਖੜ, ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਸ੍ਰੀਮਤੀ ਅੰਬਿਕਾ ਸੋਨੀ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ |

                                                                    …………Chief Editor Jasdeep Singh