Punjab Junction Weekly Newspaper / 01 November 2022
ਚੰਡੀਗੜ੍ਹ,
ਵਿਧਾਨ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਕਮੇਟੀ ਚੋਣਾਂ ਵੱਕਾਰ ਦਾ ਸਵਾਲ ਬਣ ਗਈਆਂ ਹਨ | ਵਿਧਾਨ ਸਭਾ ਚੋਣਾਂ ਦੌਰਾਨ ਹਾਸ਼ੀਏ ‘ਤੇ ਆਏ ਅਕਾਲੀ ਦਲ ਲਈ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਰਸਤੇ ਹੋਰ ਮੁਸ਼ਕਿਲਾਂ ਭਰੇ ਨਜ਼ਰ ਆਉਣ ਲੱਗੇ ਹਨ | ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਮਹਿਲਾ ਅਕਾਲੀ ਨੇਤਾ ਬੀਬੀ ਜਗੀਰ ਕੌਰ, ਜੋ ਖੁਦ ਲਿਫ਼ਾਫ਼ਾ ਸੱਭਿਆਚਾਰ ਨਾਲ ਹੀ ਕਈ ਵਾਰ ਪ੍ਰਧਾਨ ਬਣ ਚੁੱਕੀ ਹੈ, ਦਾ ਇਸ ਵਾਰ ਪਲਟੀ ਮਾਰ ਕੇ ਬਾਗੀ ਹੋ ਜਾਣਾ ਅਕਾਲੀ ਦਲ ਨੂੰ ਰਾਸ ਨਹੀਂ ਆ ਰਿਹਾ | 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਅਕਾਲੀ ਦਲ ਖ਼ੁਦ ਨੂੰ ਵੱਡੀ ਮੁਸੀਬਤ ‘ਚ ਘਿਰਿਆ ਮਹਿਸੂਸ ਕਰ ਰਿਹਾ ਹੈ | ਪਾਰਟੀ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਪੁਰਾਣੇ ਟਕਸਾਲੀ ਅਕਾਲੀ ਆਗੂਆਂ ਨਾਲ ਵੀ ਸੰਪਰਕ ਕਰਨ ‘ਚ ਲੱਗ ਗਿਆ ਹੈ, ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਗਏ ਸਨ | ਦੱਸਿਆ ਜਾ ਰਿਹਾ ਹੈ ਕਿ ਇਹ ਪਾਰਟੀ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ‘ਤੇ ਕੀਤਾ ਜਾ ਰਿਹਾ ਹੈ, ਪਰ ਸਿਆਸੀ ਹਲਕਿਆਂ ‘ਚ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਇਕ ਸਵਾਲ ਇਹ ਵੀ ਖੜ੍ਹਾ ਹੋ ਰਿਹਾ ਹੈ ਕਿ ਬੀਬੀ ਜਗੀਰ ਕੌਰ ਨੇ ਮੌਕੇ ‘ਤੇ ਬਾਗੀ ਸੁਰਾਂ ਅਲਾਪਣੀਆਂ ਕਿਉਂ ਸ਼ੁਰੂ ਕਰ ਦਿੱਤੀਆਂ | ਡੂੰਘੇ ਸੰਕਟ ਦੀ ਘੜੀ ‘ਚੋਂ ਗੁਜ਼ਰ ਰਹੇ ਅਕਾਲੀ ਦਲ ਨੂੰ ਇਸ ਸਥਿਤੀ ‘ਚੋਂ ਉਭਾਰਨ ਲਈ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਕਈ ਪੁਰਾਣੇ ਟਕਸਾਲੀ ਆਗੂ, ਜਿਨ੍ਹਾਂ ‘ਚ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ ਮੈਦਾਨ ‘ਚ ਉਤਰ ਚੁੱਕੇ ਹਨ | ਉਧਰ ਬਾਦਲ ਦਲ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਜਿਸ ਦੀ ਰਹਿਨੁਮਾਈ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਕਰ ਰਹੇ ਹਨ, ਵੀ ਪੂਰੀ ਤਰ੍ਹਾਂ ਸਰਗਰਮ ਹੈ | ਬੀਤੇ ਕੱਲ੍ਹ ਹਰਿਆਣਾ ‘ਚ ਅਕਾਲੀ ਦਲ ਸੰਯੁਕਤ ਦੇ ਮੈਂਬਰਾਂ ਦੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਹੋਈ ਮੀਟਿੰਗ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ | ਹਰਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਮੀਟਿੰਗ ‘ਚ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਤੇ ਜਿਸ ਮਗਰੋਂ ਚਰਚਾ ਛਿੜ ਗਈ ਹੈ ਕਿ ਜਿਸ ਤਰ੍ਹਾਂ ਹਰਿਆਣਾ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਲਾਮਬੰਦੀ ਕੀਤੀ ਜਾ ਰਹੀ ਹੈ ਤੇ ਜੇਕਰ ਇਸ ‘ਚ ਸਫਲ ਹੋਏ ਤਾਂ ਹਰਿਆਣਾ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਖ਼ਿਲਾਫ਼ ਭੁਗਤ ਸਕਦੇ ਹਨ | ਇਸ ਸਬੰਧੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਇਸ ਪਰਿਵਾਰ ਨੇ ਪੰਥ ਨੂੰ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪੰਥ ਬਚਾਉਣ ਲਈ ਸਾਥ ਦੇਣ ਦਾ ਸੱਦਾ ਦਿੱਤਾ ਹੈ | ਉਧਰ ਬੀਬੀ ਜਗੀਰ ਕੌਰ ਦੇ ਕੱਟੜ ਵਿਰੋਧੀ ਰਹੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਟਵੀਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ | ਉਨ੍ਹਾਂ ਲਿਖਿਆ ਕਿ ਬੀਬੀ ਜਗੀਰ ਕੌਰ ਵਰਗੀ ਸ਼ਖਸੀਅਤ, ਜੋ ਖੁਦ ਬਾਦਲ ਪਰਿਵਾਰ ਵਲੋਂ ਸ਼ੁਰੂ ਕੀਤੀ ਗਈ ਲਿਫਾਫਾ ਕਲਚਰ ਦੀ ਉਪਜ ਹੈ ਤੇ 25 ਸਾਲ ਤੋਂ ਇਸੇ ਸੱਭਿਆਚਾਰ ਦਾ ਸਮਰਥਨ ਕਰਦੀ ਆਈ ਹੈ, ਵਲੋਂ ਅਚਾਨਕ ਹੀ ਸ਼੍ਰੋਮਣੀ ਕਮੇਟੀ ਦੇ ਕੰਮਕਾਜ ‘ਚ ਨੈਤਿਕਤਾ ਦਾ ਹਵਾਲਾ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ | ਉਨ੍ਹਾਂ ਸਵਾਲ ਖੜ੍ਹਾ ਕਰਦਿਆਂ ਲਿਖਿਆ ਕਿ ਕੀ ਬੀਬੀ ਜਗੀਰ ਕੌਰ ਨੂੰ ਭਾਜਪਾ ਦੀ ਹਮਾਇਤ ਮਿਲ ਰਹੀ ਹੈ ਨਹੀਂ ਤਾਂ ਉਸ ‘ਚ ਬਾਦਲਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ |
Chief Editor- Jasdeep Singh (National Award Winner)