ਲਾਰਡਸ ‘ਚ ਰੁਮਾਂਚਕ ਜਿੱਤ ਨਾਲ ਸਮਾਪਤ ਹੋਇਆ ਝੂਲਨ ਦਾ ਕੈਰੀਅਰ

Punjab Junction Weekly Newspaper / 25 September 2022

ਲੰਡਨ, ਭਾਰਤੀ ਮਹਿਲਾ ਟੀਮ ਨੇ ਇੱਥੇ ਤੀਜੇ ਤੇ ਆਖਰੀ ਇਕ ਦਿਨਾ ਮੈਚ ‘ਚ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਲੜੀ 3-0 ਨਾਲ ਆਪਣੇ ਨਾਂਅ ਕਰ ਲਈ ਹੈ | ਇਸ ਦੇ ਨਾਲ ਹੀ ਲਾਰਡਸ ‘ਚ ਇਸ ਰੁਮਾਂਚਕ ਜਿੱਤ ਨਾਲ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਕੈਰੀਅਰ ਵੀ ਸਮਾਪਤ ਹੋ ਗਿਆ | ਝੂਲਨ ਦੀ ਵਿਦਾਇਗੀ ‘ਤੇ ਪੂਰੀ ਟੀਮ ਭਾਵੁਕ ਹੋ ਗਈ ਤੇ ਉਸ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ | ਇਸ ਦੌਰਾਨ ਸਾਰੇ ਖਿਡਾਰੀਆਂ ਨੇ ਝੂਲਨ ਨਾਲ ਆਪਣੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਭਾਵੁਕ ਵਿਦਾਈ ਦਿੱਤੀ | ਮੈਚ ਦੌਰਾਨ ਜਦੋਂ ਝੂਲਨ ਬੱਲੇਬਾਜ਼ੀ ਕਰਨ ਆਈ ਤਾਂ ਇੰਗਲੈਂਡ ਟੀਮ ਦੇ ਸਾਰੇ ਖਿਡਾਰੀਆਂ ਨੇ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕੀਤਾ | ਝੂਲਨ ਨੇ ਕੁਝ ਸਮਾਂ ਪਹਿਲਾਂ ਹੀ ਇਸ ਲੜੀ ਦੇ ਖਤਮ ਹੋਣ ਤੋਂ ਬਾਅਦ ਕ੍ਰਿਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ | ਪਹਿਲਾਂ ਬੱਲੇਬਾਜ਼ੀ ਲਈ ਉਤਰੀ ਭਾਰਤੀ ਟੀਮ ਮਾਮੂਲੀ 169 ਦੌੜਾਂ ‘ਤੇ ਆਲ ਆਊਟ ਹੋ ਗਈ, ਪਰ ਅੰਤ ‘ਚ ਇਹ ਸਕੋਰ ਜਿੱਤ ਲਈ ਕਾਫੀ ਸਾਬਤ ਹੋਇਆ | ਭਾਰਤੀ ਟੀਮ ਨੇ ਨਿਯਮਤ ਅੰਤਰਾਲਾਂ ‘ਤੇ ਵਿਕਟਾਂ ਗੁਆਉਣੀਆਂ ਜਾਰੀ ਰੱਖੀਆਂ ਤੇ 45.5 ਓਵਰਾਂ ‘ਚ ਆਲ-ਆਊਟ ਹੋ ਗਈ | ਹਰਫਨਮੌਲਾ ਦੀਪਤੀ ਸ਼ਰਮਾ ਨੇ 106 ਗੇਂਦਾਂ ‘ਤੇ ਅਜੇਤੂ 68 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਨੇ 79 ਗੇਂਦਾਂ ‘ਤੇ ਸਿਰਫ 50 ਦੌੜਾਂ ਬਣਾਈਆਂ | ਉਧਰ ਇੰਗਲੈਂਡ ਦੇ ਗੇਂਦਬਾਜ਼ਾਂ ‘ਚ ਮੱਧਮ ਤੇਜ਼ ਗੇਂਦਬਾਜ਼ ਕੇਟ ਕਰਾਸ ਨੇ 26 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਵਾਪਸੀ ਕੀਤੀ ਜਦਕਿ ਫ੍ਰੇਆ ਕੇਂਪ ਤੇ ਸੋਫੀ ਏਕਲਸਟੋਨ ਨੇ 2-2 ਵਿਕਟਾਂ ਲਈਆਂ | ਭਾਰਤ ਵਲੋਂ ਮਿਲੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 43.3 ਓਵਰਾਂ ‘ਚ 153 ਦੌੜਾਂ ‘ਤੇ ਆਲ ਆਊਟ ਹੋ ਗਈ | ਚਾਰਲੀ ਡੀਨ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ ਜਦਕਿ ਕਪਤਾਨ ਐਮੀ ਜੋਨਸ ਨੇ 28 ਦੌੜਾਂ ਦਾ ਯੋਗਦਾਨ ਪਾਇਆ | ਭਾਰਤ ਲਈ ਸੰਨਿਆਸ ਲੈਣ ਵਾਲੀ ਗੋਸਵਾਮੀ ਨੇ ਦੋ ਵਿਕਟਾਂ ਲਈਆਂ ਜਦਕਿ ਰੇਣੂਕਾ ਸਿੰਘ ਤੇ ਰਾਜੇਸ਼ਵਰੀ ਗਾਇਕਵਾੜ ਨੇ ਕ੍ਰਮਵਾਰ 4 ਅਤੇ 2 ਵਿਕਟਾਂ ਹਾਸਲ ਕੀਤੀਆਂ |

Chief Editor- Jasdeep Singh  (National Award Winner)