Punjab Junction Newspaper | 10 January 2022
ਲੰਡਨ, ਯੂ. ਕੇ. ਵਿਚ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 1 ਲੱਖ 50 ਹਜ਼ਾਰ ਤੋਂ ਵੱਧ ਦਾ ਦਰਜ ਕੀਤਾ ਗਿਆ ਹੈ | ਸਰਕਾਰੀ ਰਿਕਾਰਡ ਅਨੁਸਾਰ ਯੂ.ਕੇ. ‘ਚ ਬੀਤੇ ਕੱਲ੍ਹ 313 ਮੌਤਾਂ ਕੋਵਿਡ ਕਾਰਨ ਹੋਈਆਂ ਹਨ, ਜਿਸ ਨਾਲ ਕੁੱਲ ਮੌਤ ਗਿਣਤੀ 150057 ਤੱਕ ਪਹੁੰਚ ਗਈ ਹੈ | ਇਹ ਉਹ ਮੌਤਾਂ ਹਨ ਜਿਹੜੇ ਮਰੀਜ਼ਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ 28 ਦਿਨਾਂ ਵਿਚ ਮੌਤ ਹੋਈ ਹੈ, ਜਦ ਕਿ ਅੰਕੜਾ ਸੰਗ੍ਰਹਿ ਦਫਤਰ ਵਲੋਂ 24 ਦਸੰਬਰ ਤੱਕ ਜਾਰੀ ਕੀਤੇ ਸਰਟੀਫਿਕੇਟਾਂ ਅਨੁਸਾਰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 173248 ਹੈ | ਯੂ.ਕੇ. ਦੁਨੀਆਂ ਦਾ ਸਤਵਾਂ ਦੇਸ਼ ਹੈ ਜਿੱਥੇ ਅਮਰੀਕਾ, ਬ੍ਰਾਜ਼ੀਲ, ਭਾਰਤ, ਰਸ਼ੀਆ, ਮੈਕਸੀਕੋ ਅਤੇ ਪੀਰੂ ਤੋਂ ਬਾਅਦ ਸਭ ਤੋਂ ਵੱਧ ਕੋਵਿਡ-19 ਕਾਰਨ ਮੌਤਾਂ ਹੋਈਆਂ ਹਨ | ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਹਰ ਮੌਤ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਲਈ ਵੱਡਾ ਘਾਟਾ ਹੈ | ਉਨ੍ਹਾਂ ਪੀੜਤਾਂ ਨਾਲ ਹਮਦਰਦੀ ਪ੍ਰਗਟ ਕੀਤੀ |
ਉਨ੍ਹਾਂ ਇਕ ਵਾਰ ਫਿਰ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਦੂਜੀ ਖੁਰਾਕ ਜਾਂ ਬੂਸਟਰ ਲੈਣ ਦੀ ਅਪੀਲ ਕੀਤੀ ਹੈ | ਯੂ.ਕੇ. ਵਿਚ ਬੀਤੇ ਕੁਝ ਦਿਨਾਂ ਤੋਂ ਨਵੇਂ ਕੋਰੋਨਾ ਮਾਮਲਿਆਂ ‘ਚ ਵੀ ਵੱਡਾ ਵਾਧਾ ਹੋਇਆ ਹੈ, ਰੋਜ਼ਾਨਾ ਦੇ ਅੰਕੜੇ ਇਕ ਲੱਖ ਤੋਂ ਵੀ ਵੱਧ ਆ ਰਹੇ ਹਨ | ਬੀਤੇ 24 ਘੰਟਿਆਂ ‘ਚ 146930 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਓਮੀਕਰੋਨ ਵੇਰੀਐਂਟ ਸਭ ਤੋਂ ਵੱਧ ਫੈਲ ਰਿਹਾ ਹੈ | ਬੀਤੇ 7 ਦਿਨਾਂ ‘ਚ 1271 ਮੌਤਾਂ ਹੋਈਆਂ ਹਨ |