ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

Punjab Junction Newspaper | 10 January 2022

ਨਵੀਂ ਦਿੱਲੀ, -ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਖਾਮੀ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਸੋਮਵਾਰ ਨੂੰ ਹੋਵੇਗੀ | ਚੀਫ਼ ਜਸਟਿਸ ਐਨ. ਵੀ. ਰਮਨਾ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਹਿਮਾ ਕੋਹਲੀ ਦਾ ਤਿੰਨ ਮੈਂਬਰੀ ਬੈਂਚ ‘ਲਾਈਰਜ਼ ਵਾਈਸ’ ਨਾਮਕ ਸੰਗਠਨ ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰੇਗਾ | ਪਟੀਸ਼ਨ ‘ਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ‘ਚ ਹੋਈ ਉਲੰਘਣਾ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਜੋ ਭਵਿੱਖ ‘ਚ ਅਜਿਹੀ ਕੋਈ ਘਟਨਾ ਨਾ ਵਾਪਰੇ | ਪਟੀਸ਼ਨ ‘ਚ ਸੁਰੱਖਿਆ ਪ੍ਰਬੰਧਾਂ, ਅਦਾਲਤੀ ਨਿਗਰਾਨੀ ਹੇਠ ਜਾਂਚ ਅਤੇ ਕਥਿਤ ਕੁਤਾਹੀ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਸਬੂਤਾਂ ਨੂੰ ਸੰਭਾਲਣ ਦੀ ਵੀ ਮੰਗ ਕੀਤੀ ਗਈ ਹੈ | ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਲਈ ਕੀਤੇ ਗਏ ਪ੍ਰਬੰਧਾਂ ਦੇ ਰਿਕਾਰਡ ਨੂੰ ਸੁਰੱਖਿਅਤ ਕਰਨ ਦੇ ਨਿਰਦੇਸ਼ ਦਿੱਤੇ ਸਨ | ਸੁਪਰੀਮ ਕੋਰਟ ਨੇ ਆਪਣੇ ਆਦੇਸ਼ ‘ਚ ਇਹ ਵੀ ਕਿਹਾ ਸੀ ਕਿ ਰਾਜ ਅਤੇ ਕੇਂਦਰ ਸਰਕਾਰਾਂ ਵਲੋਂ ਵੱਖਰੇ ਤੌਰ ‘ਤੇ ਬਣਾਈਆਂ ਗਈਆਂ ਜਾਂਚ ਕਮੇਟੀਆਂ 10 ਜਨਵਰੀ ਤੱਕ ਆਪਣੀ ਸੰਬੰਧਿਤ ਜਾਂਚ ਨੂੰ ਅੱਗੇ ਨਹੀਂ ਵਧਾਉਣਗੀਆਂ, ਜਦੋਂ ਇਹ ਮਾਮਲਾ ਅਦਾਲਤ ‘ਚ ਦੁਬਾਰਾ ਵਿਚਾਰਿਆ ਜਾਵੇਗਾ | ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦਾ ਕਾਫਲਾ ਫਿਰੋਜ਼ਪੁਰ ‘ਚ ਪ੍ਰਦਰਸ਼ਨਕਾਰੀਆਂ ਦੁਆਰਾ ਰੋਕੇ ਜਾਣ ਕਾਰਨ ਇਕ ਫਲਾਈਓਵਰ ‘ਤੇ ਫਸ ਗਿਆ ਸੀ, ਜਿਸ ਤੋਂ ਬਾਅਦ ਉਹ ਇਕ ਰੈਲੀ ਸਮੇਤ ਹੋਰਨਾਂ ਸਮਾਗਮਾਂ ‘ਚ ਸ਼ਾਮਿਲ ਹੋਣ ਤੋਂ ਬਿਨਾਂ ਹੀ ਪੰਜਾਬ ਤੋਂ ਵਾਪਸ ਪਰਤ ਗਏ ਸਨ |

                                                          …………………..…………Chief Editor Jasdeep Singh