Punjab Junction Newspaper | 02 FEBRUARY 2022
ਅੰਮਿ੍ਤਸਰ,
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ 2 ਦੀ ਥਾਂ ਇਕ ਹਲਕੇ ਤੋਂ ਚੋਣ ਲੜਣ ਦੀ ਦਿੱਤੀ ਚੁਣੌਤੀ ਕਬੂਲ ਕਰਦਿਆਂ ਕੇੇਵਲ ਇਕ ਵਿਧਾਨ ਸਭਾ ਹਲਕੇ ਅੰਮਿ੍ਤਸਰ ਪੂਰਬੀ ਤੋਂ ਹੀ ਚੋਣ ਲੜਣ ਦਾ ਐਲਾਨ ਕੀਤਾ ਹੈ, ਜਦੋਂਕਿ ਵਿਧਾਨ ਸਭਾ ਮਜੀਠਾ ਹਲਕੇ ਤੋਂ ਹੁਣ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਗਨੀਵ ਕੌਰ ਚੋਣ ਲੜਣਗੇ | ਅੱਜ ਇਥੇ ਆਪਣੇ ਗ੍ਰਹਿ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਮਜੀਠਾ ਹਲਕੇ ਦੇ ਮੁਹਤਬਰ ਆਗੂੁਆਂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਭਾਵੇਂ ਉਨ੍ਹਾਂ ਲਈ ਖੁਦ ਮਜੀਠਾ ਹਲਕਾ ਛੱਡਣਾ ਬੜਾ ਜ਼ਜ਼ਬਾਤੀ ਅਤੇ ਔਖਾ ਫ਼ੈਸਲਾ ਹੈ ਪਰ ਹਲਕੇ ਦੇ ਲੋਕਾਂ ਦੀ ਇਜ਼ਾਜਤ ਲੈ ਕੇ ਹੰਕਾਰੀ ਬੰਦੇ ਨਵਜੋਤ ਸਿੰਘ ਸਿੱਧੂ ਨੂੰ ਪਿਆਰ ਕਰਨਾ ਸਿਖਾਉਣ, ਉਸ ਦੀ ਮੈਂ ਕੱਢਣ ਅਤੇ ਉਸ ਨੂੰ ਲੋਕਾਂ ਦੀ ਇੱਜ਼ਤ ਸਿਖਾਉਣ, ਗੁਰੂ ਨਗਰੀ ਦੀ ਤਰੱਕੀ ਤੇ ਵਿਕਾਸ ਅਤੇ ਹਲਕੇ ਦੇ ਲੋਕਾਂ ਦੇ ਦਿਲ ਜਿੱਤਣ ਦੇ ਮਨੋਰਥ ਨਾਲ ਹੀ ਹਲਕਾ ਅੰਮਿ੍ਤਸਰ ਪੂਰਬੀ ਤੋਂ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ | ਸਿੱਧੂ ਨੂੰ ਲੰਮੇਂ ਹੱਥੀਂ ਲੈਂਦਿਆਂ ਸ: ਮਜੀਠੀਆ ਨੇ ਕਿਹਾ ਕਿ ਸਿੱਧੂ ਨਫ਼ਰਤ ਤੇ ਕੁਰਸੀ ਦੀ ਲੜਾਈ ਲੜ ਰਿਹਾ ਹੈ ਪਰ ਮੈਂ ਦਿਲ ਤੇ ਚੋਣ ਜਿੱਤਣ ਤੇ ਸੇਵਾ ਕਰਨ ਲਈ ਆਇਆ ਹਾਂ ਤੇ ਮੈਨੂੰ ਹਲਕੇ ਦੇ ਲੋਕਾਂ ‘ਤੇ ਮਾਣ ਹੈ | ਉਨ੍ਹਾਂ ਕਿਹਾ ਕਿ ਸਿੱਧੂ ਨੂੰ 18 ਸਾਲ ਕਈ ਸਰਕਾਰਾਂ ਵਿਚ ਵਿਧਾਇਕ ਤੇ ਸੰਸਦ ਮੈਂਬਰ ਵਜੋਂ ਮੌਕਾ ਮਿਲਿਆ, ਪਰ ਸਿੱਧੂ ਤੇ ਸ੍ਰੀਮਤੀ ਡਾ: ਸਿੱਧੂ ਨੇ ਹਲਕੇ ਵਿਚ ਬਿਜਲੀ, ਪੀਣ ਵਾਲੇ ਪਾਣੀ, ਸੀਵਰੇਜ ਪ੍ਰਣਾਲੀ, ਪੁਲਾਂ ਤੇ ਸੜਕਾਂ ਦੀ ਮੰਦੀ ਹਾਲਤ ਸਮੇਤ ਇਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਤੇ ਹਰ ਵਾਰ ਝੂਠ ਦਾ ਮਾਡਲ ਪੇਸ਼ ਕਰਕੇ ਹਲਕੇ ਦੇ ਲੋਕਾਂ ਨਾਲ ਧੋਖਾ ਕੀਤਾ ਤੇ ਨਾ ਹੀ ਉਨ੍ਹਾਂ ਜਿੱਤਣ ਬਾਅਦ ਲੋਕਾਂ ਨੂੰ ਕਦੇ ਦਰਸ਼ਨ ਦਿੱਤੇ | ਉਨ੍ਹਾਂ ਕਿਹਾ ਜੋ ਤਰੱਕੀ ਤੇ ਵਿਕਾਸ ਮਜੀਠਾ ਹਲਕੇ ਵਿਚ ਕੀਤਾ ਸੀ, ਉਵੇਂ ਹੀ ਅੰਮਿ੍ਤਸਰ ਪੂਰਬੀ ਹਲਕੇ ਦੀ ਸੇਵਾ ਕਰਾਂਗਾ | ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰੰਘ ਟਿੱਕਾ, ਗੁਰਪ੍ਰੀਤ ਸਿੰਘ ਰੰਧਾਵਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਉਪਕਾਰ ਸਿੰਘ ਸੰਧੂ ਅਤੇ ਮੇਜ਼ਰ ਸ਼ਿਵੀ ਸਮੇਤ ਅੰਮਿ੍ਤਸਰ ਅਤੇ ਮਜੀਠਾ ਹਲਕੇ ਦੇ ਕਈ ਸੀਨੀਅਰ ਅਕਾਲੀ ਆਗੂ, ਪੰਚ ਸਰਪੰਚ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |