ਮੇਲਾ ਗ਼ਦਰੀ ਬਾਬਿਆਂ ਦਾ ਸ਼ਾਨੋ-ਸ਼ੌਕਤ ਨਾਲ ਸ਼ੁਰੂ

Punjab Junction Weekly Newspaper / 31 October 2022

ਜਲੰਧਰ,

ਆਜ਼ਾਦੀ ਸੰਗਰਾਮ ਦੇ ਅਮਰ ਸ਼ਹੀਦਾਂ, ਗ਼ਦਰੀ ਇਨਕਲਾਬੀਆਂ ਦੀਆਂ ਅਥਾਹ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ ਹੋ ਗਿਆ ਹੈ | ਮੇਲੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜ਼ਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਮੇਲਾ ਲੋਕਾਂ ‘ਚ ਸੂਝ-ਬੂਝ ਪੈਦਾ ਕਰਨ ਲਈ ਚੌਮੁਖੀਏ ਚਿਰਾਗ਼ ਦਾ ਕੰਮ ਕਰੇਗਾ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਡੇ ਪੁਰਿਖ਼ਆਂ ਦੇ ਇਤਿਹਾਸ ਨੂੰ ਸੰਭਾਲਣ ਤੇ ਉਨ੍ਹਾਂ ਦੀ ਪ੍ਰਸੰਗਕਤਾ ਉਭਾਰਨ ਲਈ ਮੇਲਾ ਬਹੁਤ ਹੀ ਸਾਰਥਕ ਭੂਮਿਕਾ ਨਿਭਾ ਰਿਹਾ ਹੈ | ਮੇਲੇ ਨੂੰ ਮਿਲ ਰਹੇ ਸਹਿਯੋਗ ‘ਤੇ ਉਨ੍ਹਾਂ ਮੇਲਾ ਪ੍ਰੇਮੀਆਂ ਦਾ ਧੰਨਵਾਦ ਕੀਤਾ | ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬਹੁਤ ਹੀ ਪੀੜ•-ਪਰੁੰਨੇ ਮਨ ਨਾਲ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਅੱਜ ਉਦਘਾਟਨੀ ਸਮਾਗਮ ਦੀ ਸ਼ਮ੍ਹਾ ਰੌਸ਼ਨ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਰੰਗ ਕਰਮੀਆਂ ਤੇ ਕਵੀਆਂ ਨੇ ਮਿਲ ਕੇ ਜਗਾਉਣੀ ਸੀ, ਪਰ ਅੱਜ ਤੱਕ ਵੀ ਲਹਿੰਦੇ ਪੰਜਾਬ ਦੀਆਂ ਨਾਟਕ ਮੰਡਲੀਆਂ ਤੇ ਕਵੀ ਬਾਬਾ ਨਜ਼ਮੀ ਦੇ ਵੀਜ਼ੇ ਸਬੰਧੀ ਕੁਝ ਵੀ ਨਾ ਦੱਸਣਾ ਬਹੁਤ ਹੀ ਦੁਖ਼ਦਾਇਕ ਹੈ | ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸਿੰਘ ਸੰਘੇੜਾ, ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, ਕ੍ਰਿਸ਼ਨਾ, ਪ੍ਰੋ. ਗੋਪਾਲ ਸਿੰਘ ਬੁੱਟਰ, ਹਰਮੇਸ਼ ਮਾਲੜੀ, ਪਿ੍ਥੀਪਾਲ ਸਿੰਘ ਮਾੜੀਮੇਘਾ, ਚਰੰਜੀ ਲਾਲ ਕੰਗਣੀਵਾਲ ਤੇ ਵਿਜੈ ਬੰਬੇਲੀ ਤੋਂ ਇਲਾਵਾ ਮੇਲੇ ਨਾਲ ਜੁੜੀਆਂ ਪ੍ਰਬੰਧਕ ਟੀਮਾਂ ਹਾਜ਼ਰ ਸਨ | 31 ਅਕਤੂਬਰ ਮੇਲੇ ਦੇ ਦੂਜੇ ਦਿਨ ਪੇਂਟਿੰਗ, ਕੁਇਜ਼ ਮੁਕਾਬਲਾ, ਕਵੀ ਦਰਬਾਰ, ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਤੇ ਸੋਲੋ ਨਾਟਕ ‘ਜੂਠ’ ਹੋਏਗਾ | ਮੇਲੇ ਦੇ ਪਹਿਲੇ ਦਿਨ ਹੀ ਚਿੱਤਰਕਲਾ ਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, ਜਿਸ ‘ਚ ਗੁਰਦੀਸ਼ ਜਲੰਧਰ, ਰਵਿੰਦਰ ਰਵੀ ਲੁਧਿਆਣਾ, ਗੁਰਪ੍ਰੀਤ ਬਠਿੰਡਾ ਤੇ ਉਨ•੍ਹਾਂ ਦੀ ਬੇਟੀ, ਅਮਿਤ ਜ਼ਰਫ਼, ਹਰਮੀਤ ਆਰਟਿਸਟ ਅੰਮਿ੍ਤਸਰ, ਇੰਦਰਜੀਤ ਜਲੰਧਰ, ਵਰੁਣ ਟੰਡਨ ਤੇ ਕੰਵਰਦੀਪ ਸਿੰਘ ਦੀਆਂ ਕਲਾਕ੍ਰਿਤੀਆਂ ਮੇਲੇ ‘ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ |

Chief Editor- Jasdeep Singh  (National Award Winner)