ਮੁੱਖ ਮੰਤਰੀ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਅਦਾਲਤ ‘ਚ ਪੇਸ਼

Punjab Junction Newspaper | 08 August 2022

ਚੰਡੀਗੜ੍ਹ, –

ਚੰਡੀਗੜ੍ਹ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਹੋਈ ਝੜਪ ਦੇ ਮਾਮਲੇ ਵਿਚ ਸਨਿਚਰਵਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ | ਚੰਡੀਗੜ੍ਹ ਪੁਲਿਸ ਵਲੋਂ 10 ਜਨਵਰੀ 2020 ਨੂੰ ਦਰਜ ਮਾਮਲੇ ‘ਚ ਭਗਵੰਤ ਮਾਨ ਸਣੇ ਆਮ ਆਦਮੀ ਪਾਰਟੀ ਦੇ 10 ਲੀਡਰਾਂ ਦੇ ਨਾਂਅ ਸ਼ਾਮਿਲ ਹਨ | ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਮੁੱਖ ਨਿਆਂਇਕ ਮੈਜਿਸਟ੍ਰੇਟ (ਸੀ. ਜੀ. ਐੱਮ.) ਦੀ ਅਦਾਲਤ ਵਿਚ ਸਵੇਰੇ ਕਰੀਬ 10 ਵਜੇ ਪੇਸ਼ ਹੋਏ | ਇਸ ਦੌਰਾਨ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਅਤੇ ਸੀਨੀਅਰ ਐਡਵੋਕੇਟ ਪਰਥਮ ਸੇਠੀ ਵੀ ਮੌਜੂਦ ਸਨ | ਚੰਡੀਗੜ੍ਹ ਪੁਲਿਸ ਵਲੋਂ ਦਰਜ ਮਾਮਲੇ ਮੁਤਾਬਕ ਪੰਜਾਬ ‘ਚ ਬਿਜਲੀ ਦਰਾਂ ਵਿਚ ਵਾਧੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਸੀ | ਇਸ ਦੌਰਾਨ ਭਗਵੰਤ ਮਾਨ ਦੀ ਅਗਵਾਈ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਪਾਰਟੀ ਦੇ ਆਗੂਆਂ ਦੀ ਚੰਡੀਗੜ੍ਹ ਪੁਲਿਸ ਨਾਲ ਝੜਪ ਹੋ ਗਈ ਸੀ | ਪਾਰਟੀ ਦੇ ਆਗੂਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੁਲਿਸ ਨਾਲ ਧੱਕਾਮੁੱਕੀ ਕੀਤੀ ਅਤੇ ਪੁਲਿਸ ਨੂੰ ਆਪਣੀ ਡਿਊਟੀ ਕਰਨ ਤੋਂ ਵੀ ਰੋਕਿਆ ਗਿਆ | ਇਸ ਤੋਂ ਇਲਾਵਾ ‘ਆਪ’ ਵਰਕਰਾਂ ਵਲੋਂ ਪੁਲਿਸ ‘ਤੇ ਪਥਰਾਅ ਵੀ ਕੀਤਾ ਗਿਆ, ਜਿਸ ਵਿਚ ਕਈ ਪੁਲਿਸ ਕਰਮਚਾਰੀ ਜ਼ਖ਼ਮੀ ਹੋਏ ਸਨ |

                                                                 …………..…………Chief Editor Jasdeep Singh