Punjab Junction Newspaper | 12 January 2022
ਚੰਡੀਗੜ੍ਹ, -ਪੰਜਾਬ ਦੇ ਵੱਡੇ ਆਗੂ ਭਾਜਪਾ ‘ਚ ਸ਼ਾਮਿਲ ਹੋ ਰਹੇ ਹਨ, ਇਸੇ ਕਵਾਇਦ ਤਹਿਤ ਮੰਗਲਵਾਰ ਨੂੰ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਿਆਸੀ ਪਾਰਟੀਆਂ ਨੂੰ ਛੱਡ ਕੇ ਕਈ ਦਿੱਗਜ ਆਗੂ ਭਾਜਪਾ ‘ਚ ਸ਼ਾਮਿਲ ਹੋਏ | ਇਸ ਮੌਕੇ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਗਜੇਂਦਰ ਸਿੰਘ ਸ਼ੇਖਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਇਸ ਦੇ ਚਾਲਬਾਜ਼ ਸਿਆਸਤਦਾਨਾਂ ਵਲੋਂ ਇਕ ਸਾਜਿਸ਼ ਤਹਿਤ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨੂੰ ਜ਼ਬਰਦਸਤੀ ਰੋਕ ਦਿੱਤਾ ਗਿਆ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਜੋ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ, ਅਜਿਹੇ ਲੋਕ ਅੱਜ ਭਾਜਪਾ ‘ਚ ਸ਼ਾਮਿਲ ਹੋ ਰਹੇ ਹਨ | ਇਨ੍ਹਾਂ ਸਾਰਿਆਂ ਦਾ ਭਾਜਪਾ ਪਰਿਵਾਰ ‘ਚ ਸਵਾਗਤ ਹੈ ਅਤੇ ਉਨ੍ਹਾਂ ਨੂੰ ਪਾਰਟੀ ‘ਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ, ਜਿੱਥੇ ਸਾਰਿਆਂ ਨੂੰ ਸਨਮਾਨ ਮਿਲਦਾ ਹੈ |
ਅੱਜ ਭਾਜਪਾ ‘ਚ ਸਾਬਕਾ ਓ.ਐਸ.ਡੀ. ਮੁੱਖ ਮੰਤਰੀ ਲਖਵਿੰਦਰ ਕੌਰ ਗਰਚਾ (ਮੁਹਾਲੀ), ਯੂਥ ਕਾਂਗਰਸ ਦੇ ਮੀਤ ਪ੍ਰਧਾਨ ਤੇ ਕਾਂਗਰਸ ਕਮੇਟੀ ਸਮਾਣਾ ਦੇ ਮੀਤ ਪ੍ਰਧਾਨ ਬੇਅੰਤ ਸਿੰਘ, ਸਰਹੱਦੀ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਸਾਬਕਾ ਪ੍ਰਧਾਨ ਕੈਪਟਨ ਕਪਤਾਨ ਅਮਨਦੀਪ ਸਿੰਘ (ਗੁਰਦਾਸਪੁਰ), ਸੇਵਾਮੁਕਤ ਲੈਫਟੀਨੈਂਟ ਕਰਨਲ ਗੁਰਪ੍ਰਕਾਸ਼ ਸਿੰਘ ਵਿਰਕ (ਮੁਹਾਲੀ), ਅਕਾਲੀ ਦਲ ਪੰਜਾਬ ਦੇ ਸੰਯੁਕਤ ਸਕੱਤਰ ਤੇ ਪੰਜਾਬ ਰਾਏ ਸਿੱਖ (ਐਸ.ਸੀ.) ਸੁਧਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪੂਰਨ ਚੰਦ (ਫਾਜ਼ਿਲਕਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੀ.ਏ. ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਤੁੰਗ, ਮੁੱਖ ਮੰਤਰੀ ਚੰਨੀ ਦੇ ਚਚੇਰੇ ਭਰਾ ਜਸਵਿੰਦਰ ਸਿੰਘ ਧਾਲੀਵਾਲ (ਮੁਹਾਲੀ), ਕਿਸਾਨ ਯੂਨੀਅਨ ਕਾਦੀਆਂ ਗਰੁੱਪ ਜ਼ਿਲ੍ਹਾ ਮੋਗਾ ਦੇ ਸਾਬਕਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਬੰਧਕ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਰਣਵੀਰ ਸਿੰਘ ਰਣੀਆ (ਮੋਗਾ), ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਚੌਧਰੀ ਅਰਜੁਨ ਸਿੰਘ ਕਾਂਸਲ (ਮੁਹਾਲੀ), ਡਾਇਰੈਕਟਰ ਪੰਜਾਬ ਮੰਡੀ ਬੋਰਡ ਤੇ ਆਲ ਇੰਡੀਆ ਜਾਟ ਮਹਾਂਸਭਾ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ (ਮੁਹਾਲੀ) ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਤੇ ਹੋਰ ਜਥੇਬੰਦੀਆਂ ਦੇ 68 ਆਗੂ ਆਪਣੇ ਸਾਥੀਆਂ ਸਮੇਤ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਏ ਹਨ |