Punjab Junction Newspaper | 02 FEBRUARY 2022
ਬਠਿੰਡਾ,
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਹਾਰ ਰਿਹਾ, ਇਸੇ ਡਰ ਦੇ ਚਲਦਿਆਂ ਉਹ ਉਥੋਂ ਭੱਜ ਕੇ ਭਦੌੜ ਹਲਕੇ ਤੋਂ ਚੋਣ ਲੜ ਰਿਹਾ ਪਰ ਇਥੇ ਵੀ ਹਾਰ ਨਾਲ ਉਸ ਦਾ ਸਿਆਸੀ ਖਾਤਮਾ ਹੋਵੇਗਾ | ਸੁਖਬੀਰ ਸਿੰਘ ਬਾਦਲ ਇੱਥੇ ਪਾਰਟੀ ਉਮੀਦਵਾਰ ਸਰੂਪ ਚੰਦ ਸਿੰਗਲਾ ਵਲੋਂ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਰੱਖੀ ਮੀਟਿੰਗ ‘ਚ ਸ਼ਾਮਿਲ ਹੋਣ ਉਪਰੰਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ | ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਭ ਤੋਂ ਵੱਡਾ ਰੇਤ ਮਾਫ਼ੀਆ ਹੈ, ਜਿਸ ਦੀਆਂ ਗੈਰ ਕਾਨੂੰਨੀ ਰੇਤ ਮਾਫ਼ੀਆ ਨੂੰ ਉਤਸ਼ਾਹਿਤ ਕਰਨ ਦੀਆਂ ਆਡੀਓ-ਵਿਜ਼ੂਅਲ ਜਾਰੀ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਣ ‘ਤੇ ਚੰਨੀ ਦੇ ਹਰ ਘਪਲੇ ਦੀ ਜਾਂਚ ਕਰਵਾਈ ਜਾਵੇਗੀ | ਉਨ੍ਹਾਂ ਬਠਿੰਡਾ ਦੇ ਵੋਟਰਾਂ ਨੂੰ ਸਰੂਪ ਚੰਦ ਸਿੰਗਲਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਐਲਾਨ ਕੀਤਾ ਕਿ ਅਕਾਲੀ-ਬਸਪਾ ਸਰਕਾਰ ਵਿਚ ਸਿੰਗਲਾ ਆਬਕਾਰੀ ਤੇ ਕਰ ਮੰਤਰੀ ਹੋਣਗੇ | ਇਸ ਮੌਕੇ ਉਨ੍ਹਾਂ ਨਾਲ ਸਰੂਪ ਚੰਦ ਸਿੰਗਲਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਮੋਹਿਤ ਗੁਪਤਾ ਮੈਂਬਰ ਪੀਏਸੀ, ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਅਮਿਤ ਕਪੂਰ, ਚਮਕੌਰ ਸਿੰਘ ਮਾਨ, ਇਕਬਾਲ ਬਬਲੀ ਢਿੱਲੋਂ, ਰਾਜਵਿੰਦਰ ਸਿੰਘ ਸਿੱਧੂ, ਹਰਵਿੰਦਰ ਸ਼ਰਮਾ ਗੰਜੂ, ਨਿਰਮਲ ਸਿੰਘ ਸੰਧੂ, ਡਾ. ਓਮ ਪ੍ਰਕਾਸ਼ ਸ਼ਰਮਾ ਆਦਿ ਵੀ ਮੌਜੂਦ ਸਨ |