ਪੰਜਾਬ ਮਾਡਲ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ-ਸਿੱਧੂ

Punjab Junction Newspaper | 12 January 2022

ਚੰਡੀਗੜ੍ਹ, -ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਥੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਉਥੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦੇ ਲੋਕ ਤੈਅ ਕਰਨਗੇ | ਉਨ੍ਹਾਂ ਫਿਰ ਦੁਹਰਾਇਆ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਹਾਈਕਮਾਨ ਨਹੀਂ ਪੰਜਾਬ ਦੇ ਲੋਕ ਹੀ ਤੈਅ ਕਰਨਗੇ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਮਾਡਲ ਲੈ ਕੇ ਆਏ ਹਾਂ ਤੇ ਇਸ ਮਾਡਲ ਦੇ ਆਧਾਰ ‘ਤੇ ਵਿਧਾਇਕ ਚੁਣੇ ਜਾਣਗੇ | ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲ ਪੰਜਾਬ ਮਾਡਲ ‘ਤੇ ਸਰਕਾਰ ਚੱਲੇਗੀ ਤੇ ਮੇਰਾ ਭਵਿੱਖ ਵੀ ਪੰਜਾਬ ਮਾਡਲ ‘ਤੇ ਟਿਕਿਆ ਹੈ | ਸ: ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਲਏ ਬਗੈਰ ਆਪਣੀ ਹੀ ਸਰਕਾਰ ‘ਤੇ ਹਮਲੇ ਵੀ ਕੀਤੇ | ਉਨ੍ਹਾਂ ਕਿਹਾ ਕਿ ਕੀ ਰੇਤ ਦੇ ਭਾਅ ਘੱਟ ਹੋਏ, ਕੇਬਲ ਦੀ ਕੀਮਤ ਘੱਟ ਹੋਈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਕੀਮਤ ਘੱਟ ਨਹੀਂ ਹੋਈ ਚਾਹੇ ਖ਼ੁਦ ਜਾ ਕੇ ਪਤਾ ਕਰ ਲਓ | ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਹੋ ਸਕੇ, ਸੜਕਾਂ ਉੱਤੇ ਧਰਨੇ ਹੀ ਧਰਨੇ ਦੇਖੇ ਗਏ | ਉਨ੍ਹਾਂ ਕਿਹਾ ਕਿ ਹੁਣ ਅਸੀਂ ਬਾਬਾ ਨਾਨਕ ਦੇ ਫ਼ਲਸਫ਼ੇ ‘ਤੇ ਚੱਲਾਂਗੇ | ਪੰਜਾਬ ਮਾਡਲ ‘ਤੇ ਚਰਚਾ ਕਰਦੇ ਹੋਏ ਸ: ਸਿੱਧੂ ਨੇ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦੇ ਜਨਰਲ ਸਕੱਤਰ ਨਾਲ ਗੱਲ ਹੋ ਗਈ ਹੈ | ਇਸ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ‘ਚ ਵੀ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ‘ਚ ਲੀਕਰ (ਸ਼ਰਾਬ) ਕਾਰਪੋਰੇਸ਼ਨ ਬਣਾਉਣਾ, ਮਾਈਨਿੰਗ ਕਾਰਪੋਰੇਸ਼ਨ, ਕੇਬਲ ਰੈਗੂਲੇਟਰ ਕਮਿਸ਼ਨ, ਟਰਾਂਸਪੋਰਟ ਕਾਰਪੋਰੇਸ਼ਨ ਬਣਾਉਣਾ ਆਦਿ ਸ਼ਾਮਿਲ ਹੋਵੇਗਾ | ਇਹ ਪੁੱਛੇ ਜਾਣ ‘ਤੇ ਕਿ ਜੇਕਰ ਇਹ ਨਾ ਮੰਨਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਪੰਜਾਬ ਦੀ ਲੜਾਈ ਲੜ ਰਿਹਾ ਹਾਂ ਤੇ ਪੰਜਾਬ ਤੋਂ ਉਪਰ ਕੋਈ ਵੀ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਇਹ ਨਾ ਮੰਨਿਆ ਗਿਆ ਤਾਂ ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਜਵਾਬ ਸਮਾਂ ਆਉਣ ‘ਤੇ ਦੇਵਾਂਗਾ | ਉਨ੍ਹਾਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੈ ਇਹ ਸਾਰੇ ਕਹਿ ਰਹੇ ਹਨ, ਪਰ ਰੋਡ ਮੈਪ ਕੋਈ ਨਹੀਂ ਦਿੰਦਾ | ਉਨ੍ਹਾਂ ਕਿਹਾ ਕਿ ਉਹ ਪਿਛਲੇ 17 ਸਾਲਾਂ ਤੋਂ ਪੰਜਾਬ ਦੇ ਵਿਕਾਸ ਲਈ ਸੰਘਰਸ਼ ਕਰ ਰਹੇ ਹਨ ਤੇ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ਲਈ ਮਾਫ਼ੀਆ ਚੋਰੀ ਰੋਕਣੀ ਹੋਵੇਗੀ | ਉਨ੍ਹਾਂ ਕਿਹਾ ਕਿ ਵਰਤਮਾਨ ‘ਚ ਪੰਜਾਬ ‘ਚ ਮਾਫ਼ੀਆ ਮਾਡਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਰਾਜ ਨੂੰ ਪੰਜਾਬ ਮਾਡਲ, ਆਮ ਆਦਮੀ ਦੇ ਮਾਡਲ ਦੀ ਜ਼ਰੂਰਤ ਹੈ | ਪੰਜਾਬ ਮਾਡਲ ਤਹਿਤ ਨਿਗਮ ਬਣਾਏ ਜਾਣਗੇ | ਸਿੱਧੂ ਨੇ ਕਿਹਾ ਕਿ ਸਭ ਤੋਂ ਵੱਡੀ ਜ਼ਰੂਰਤ ਪੰਜਾਬ ‘ਚ ਟੈਕਸ ਚੋਰੀ ਰੋਕਣ ਦੀ ਹੈ, ਜਿਸ ਤਹਿਤ 50,000 ਕਰੋੜ ਦੀ ਚੋਰੀ ਰੋਕੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸ਼ਰਾਬ ਨਿਗਮ ਬਣਾਉਣ ਵਾਲੇ ਰਾਜ ਸਾਡੇ ਤੋਂ 20 ਗੁਣਾ ਜ਼ਿਆਦਾ ਪੈਸਾ ਕਮਾ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬੇ ‘ਚ ਸਰਕਾਰੀ ਠੇਕੇ ਖੋਲ੍ਹੇ ਜਾਣਗੇ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਜ਼ਰੀਏ ਵੱਡਾ ਮਾਲੀਆ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਬਾਹਰੀ ਰਾਜ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਵਾਂਗ ਰੇਤੇ ਦਾ ਭਾਅ ਵੀ ਫਿਕਸ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਇਸ ਤੋਂ ਬਿਹਤਰ ਮਾਡਲ ਹੈ ਤਾਂ ਮੈਂ ਬਹਿਸ ਕਰਨ ਲਈ ਤਿਆਰ ਹਾਂ | ਸ: ਸਿੱਧੂ ਨੇ ਕਿਹਾ ਕਿ ਮੈਂ ਅਹੁਦੇ ਜਾਂ ਕਿਸੇ ਚੀਜ਼ ਨਾਲ ਜੁੜਿਆ ਨਹੀਂ ਹਾਂ, ਮੇਰੇ ਠੇਕੇ ਜਾਂ ਦੁਕਾਨਾਂ ਨਹੀਂ ਹਨ | ਮੈਂ ਪੰਜਾਬ ਨਾਲ ਜੁੜਿਆ ਹੋਇਆ ਹਾਂ | ਮਾਲਵਿਕਾ ਸੂਦ ਦੇ ਪਾਰਟੀ ‘ਚ ਸ਼ਾਮਿਲ ਹੋਣ ਦੇ ਵਿਰੋਧ ‘ਤੇ ਸਿੱਧੂ ਨੇ ਕਿਹਾ ਕਿ ਹਰਜੋਤ ਕਮਲ ਨਾਲ ਗੱਲ ਕੀਤੀ ਜਾਵੇਗੀ | ਉਨ੍ਹਾਂ ਬਿਕਰਮ ਸਿੰਘ ਮਜੀਠੀਆ ਬਾਰੇ ਪੁੱਛੇ ਸਵਾਲ ਦਾ ਜਵਾਬ ਦੇਣ ਤੋਂ ਇਹ ਕਹਿ ਕੇ ਕਿਨਾਰਾ ਕਰ ਲਿਆ ਕਿ ਇਹ ਮਾਮਲਾ ਅਦਾਲਤ ‘ਚ ਹੈ |

                                                          …………………..…………Chief Editor Jasdeep Singh