ਪੰਜਾਬ ਨੂੰ ਬਚਾਉਣ ਲਈ 3 ਬਾਹਰੀ ਪਾਰਟੀਆਂ ਤੇ ਸਰਕਾਰਾਂ ਨਾਲ ਲੜ ਰਿਹੈ ਅਕਾਲੀ ਦਲ-ਬਾਦਲ

Punjab Junction Newspaper | 27 December 2021

ਚੰਡੀਗੜ੍ਹ, ਚੰਡੀਗੜ੍ਹ ਵਿਖੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੋ ਪੰਜਾਬ ‘ਚ ਸਿਆਸੀ ਮਾਹੌਲ ਬਣ ਰਿਹਾ ਹੈ, ਮੈਂ ਜੋ ਮਹਿਸੂਸ ਕਰ ਰਿਹਾ ਹਾਂ ਕਿ ਸੂਬਾ ਬੜੇ ਨਾਜ਼ੁਕ ਹਾਲਾਤ ‘ਚੋਂ ਗੁਜ਼ਰ ਰਿਹਾ ਹੈ, ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸੂਬੇ ‘ਚ ਕਿਤੇ ਬੇਅਦਬੀ ਹੋ ਰਹੀ ਹੈ, ਕਿਤੇ ਧਮਾਕੇ | ਸਰਕਾਰ ‘ਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ | ਗੈਰ-ਸਮਾਜੀ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਜੋ ਬਹੁਤ ਵੱਡੀ ਸਾਜ਼ਿਸ਼ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ | ਹੁਕਮਰਾਨਾਂ ਅਤੇ ਪੰਜਾਬ ਦੇ ਦੁਸ਼ਮਣਾਂ ਵਲੋਂ ਭਾਈਚਾਰਕ ਸਾਂਝ ‘ਚ ਫੁੱਟ ਪਵਾਈ ਜਾ ਰਹੀ ਹੈ | ਸਭ ਤੋਂ ਵੱਡਾ ਮਸਲਾ ਬੇਅਦਬੀ ਦਾ ਹੈ ਜਿਸ ਨੂੰ ਲੈ ਕੇ ਸਰਕਾਰ ਬਿਲਕੁਲ ਗੰਭੀਰ ਨਹੀਂ ਹੈ | ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੁੰਦਾ ਹੈ ਅਤੇ ਐਸ.ਪੀ. ਪੱਧਰ ਦੇ ਅਫ਼ਸਰ ਨੂੰ ਜਾਂਚ ਦਿੱਤੀ ਜਾਂਦੀ ਹੈ ਜਿਸ ਤੋਂ ਸਰਕਾਰ ਦੀ ਨੀਅਤ ਸਪੱਸ਼ਟ ਹੋ ਜਾਂਦੀ ਹੈ | ਉਨ੍ਹਾਂ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਸਾਰੀਆਂ ਪਾਰਟੀਆਂ ਅਕਾਲੀ ਦਲ ਦੇ ਵਿਰੁੱਧ ਹੋ ਚੁੱਕੀਆਂ ਹਨ ਜੋ ਅਕਾਲੀ ਦਲ ਦੇਸ਼ ਤੇ ਪੰਜਾਬ ਦੇ ਹਿਤਾਂ ਦੀ ਲੜਾਈ ਲੜਦਾ ਰਿਹਾ ਹੈ | ਅਕਾਲੀ ਲੀਡਰਾਂ ਨੇ ਪੰਜਾਬ ਅਤੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ ਜੋ ਕਿਸੇ ਪਾਰਟੀ ਨੇ ਨਹੀਂ ਕੀਤਾ ਪਰ ਜੋ ਹੁਣ ਸੂਬੇ ਦੀ ਸਰਕਾਰ ਕਰ ਰਹੀ ਹੈ ਬੱਚਾ-ਬੱਚਾ ਜਾਣਦਾ ਹੈ ਕਿ ਸ. ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪਰਚਾ ਸਾਜ਼ਿਸ਼ ਅਤੇ ਬਦਲਾਖੋਰੀ ਤਹਿਤ ਕੀਤਾ ਗਿਆ ਹੈ ਕਿਉਂਕਿ ਸਰਕਾਰ ਨੇ ਸਿਰਫ਼ ਸੱਤਾ ਹਾਸਲ ਕਰਨ ਲਈ ਕਿਹਾ ਸੀ ਕਿ ਸੀ ਅਕਾਲੀਆਂ ਖ਼ਿਲਾਫ਼ ਕਾਰਵਾਈ ਕਰਾਂਗੇ, ਜਿਸ ਤਹਿਤ ਇਹ ਸਾਜ਼ਿਸ਼ ਰਚ ਕੇ ਕਾਰਵਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਮਜੀਠੀਆ ਖ਼ਿਲਾਫ਼ ਬਿਨਾਂ ਕਿਸੇ ਸਬੂਤ ਅਤੇ ਆਧਾਰ ਦੇ ਕਾਰਵਾਈ ਸਿਰਫ਼ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਸਿਆਸੀ ਰੰਜਿਸ਼ ਤਹਿਤ ਕੀਤੀ ਗਈ, ਜਦਕਿ ਸਰਕਾਰ ਦਾ ਨਾ ਤਾਂ ਕਾਨੂੰਨ ਵਿਵਸਥਾ ਵੱਲ ਧਿਆਨ ਹੈ ਨਾ ਹੋਰ ਵਾਅਦਿਆਂ ਵੱਲ, ਨਾ ਕਿਸਾਨਾਂ ਵੱਲ ਨਾ, ਨਾ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵੱਲ ਅਤੇ ਨਾ ਹੀ ਮੁਲਾਜ਼ਮਾਂ ਵੱਲ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਲਈ ਕੀ ਕਰ ਸਕਦੀ ਹੈ ਜਦੋਂ ਕਿ ਉਨ੍ਹਾਂ ਦੀ ਪਾਰਟੀ ‘ਚ ਹੀ ਐਨਾ ਕਲੇਸ਼ ਹੈ | ਉਹ ਆਪਣੀਆਂ ਪਾਰਟੀ ਦੀਆਂ ਮੀਟਿੰਗਾਂ ਤੋਂ ਲੈ ਕੇ ਕੈਬਨਿਟ ਮੀਟਿੰਗਾਂ ਵਿਚ ਵੀ ਸ਼ਰ੍ਹੇਆਮ ਲੜਦੇ ਨਜ਼ਰ ਆਉਂਦੇ ਹਨ | ਇਕ ਸਵਾਲ ਦੇ ਜਵਾਬ ‘ਚ ਸ. ਬਾਦਲ ਨੇ ਕਿਹਾ ਕਿ 2-3 ਮਹੀਨਿਆਂ ਤੋਂ ਜੋ ਨਵੇਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਐਲਾਨ ਕੀਤੇ ਜਾ ਰਹੇ ਹਨ ਫੋਕੇ ਤੇ ਝੂਠੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਮੁਲਾਜ਼ਮ ਆਪਣੀਆਂ ਮੰਗਾਂ ਅਤੇ ਹੱਕਾਂ ਨੂੰ ਲੈ ਕੇ ਸੜਕਾਂ ‘ਤੇ ਉੱਤਰੇ ਹੋਏ ਹਨ ਪਰ ਸਰਕਾਰ ਸਿਰਫ਼ ਤੇ ਸਿਰਫ਼ ਸਿਆਸਤ ਕਰਦੀ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ‘ਚ ਅਕਾਲੀ ਬਸਪਾ ਸਰਕਾਰ ਆਉਣ ‘ਤੇ ਮੁਲਾਜ਼ਮਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਹੋਣਗੇ | ਸ. ਬਾਦਲ ਨੇ ਕਿਹਾ ਕਿ ਜਦੋਂ ਲੋਕਾਂ ਨੇ ਮੈਨੂੰ ਸੇਵਾ ਦਿੱਤੀ ਸੀ ਤਾਂ ਮੈਂ ਮੁਲਾਜ਼ਮਾਂ ਨੂੰ ਖ਼ੁਦ ਮਿਲਦਾ ਸੀ ਨਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਸੜਕਾਂ ਉੱਤੇ ਰੁਲਣ ਲਈ ਛੱਡਿਆ ਜਾਂਦਾ ਸੀ | ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਵਾਲਾ ਸਿਸਟਮ ਬੰਦ ਹੋਣਾ ਚਾਹੀਦਾ ਹੈ ਸਾਰੇ ਮੁਲਾਜ਼ਮ ਪੱਕੇ ਹੋਣੇ ਚਾਹੀਦੇ ਹਨ | ਦਸ ਹਜ਼ਾਰ ਰੁਪਏ ‘ਚ ਕੋਈ ਆਪਣਾ ਘਰ ਕਿਵੇਂ ਚਲਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿੰਨੀ ਵਾਰ ਵੀ ਤਨਖ਼ਾਹ ਕਮਿਸ਼ਨ ਲਾਗੂ ਹੋਇਆ ਹੈ, ਅਕਾਲੀ ਸਰਕਾਰ ਵੇਲੇ ਹੀ ਹੋਇਆ ਹੈ ਅਤੇ ਹੁਣ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੈਨੀਫੈਸਟੋ ਵਿਚ ਦਰਜ ਕੀਤਾ ਜਾਵੇਗਾ | ਕੈਪਟਨ ਅਮਰਿੰਦਰ ਨੂੰ ਕਾਂਗਰਸ ਵਲੋਂ ਜਿਸ ਤਰ੍ਹਾਂ ਜ਼ਲੀਲ ਕੀਤਾ ਗਿਆ ਹੈ ਉਹ ਗ਼ਲਤ ਹੈ | ਉਨ੍ਹਾਂ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪਾਰਟੀ ਜਿਹੜੀ ਥਾਂ ‘ਤੇ ਮੇਰੀ ਜਿੱਥੇ ਡਿਊਟੀ ਲਾਏਗੀ ਚੋਣ ਵੀ ਲੜਾਂਗਾ ਅਤੇ ਜਿੱਥੇ ਪ੍ਰਚਾਰ ਲਈ ਡਿਊਟੀ ਲੱਗੇਗੀ ਉੱਥੇ ਵੀ ਜਾਵਾਂਗਾ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਬਣ ਚੁੱਕਾ ਹਾਂ ਅਤੇ ਮੇਰੀ ਨੀਤੀ ਹੈ ਕਿ ਸੂਬੇ ਲਈ ਵਧੀਆ ਕੰਮ ਕਰਾਂ, ਜਿਸ ਤਰ੍ਹਾਂ ਪਹਿਲਾਂ ਪੰਜਾਬ ਨੂੰ ਕਿਹੋ ਜਿਹੇ ਹਾਲਾਤ ‘ਚੋਂ ਬਾਹਰ ਕੱਢ ਕੇ ਲਿਆਂਦਾ ਸੀ | ਉਨ੍ਹਾਂ ਕਿਹਾ ਕਿ ਸਰਕਾਰ ਆਉਣ ‘ਤੇ ਸਿੱਖਿਆ, ਰੁਜ਼ਗਾਰ, ਵਿਕਾਸ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਪਾਲਿਸੀ ਬਣਾਈ ਜਾਵੇਗੀ | ਅਜਿਹੀ ਪਾਲਿਸੀ ਬਣੇਗੀ ਕਿ ਸੂਬੇ ‘ਚ ਹਰ ਹੱਥ ਨੂੰ ਰੁਜ਼ਗਾਰ ਮਿਲ ਸਕੇ | ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ 3 ਪਾਰਟੀਆਂ ਨਾਲ ਇਕੱਲਾ ਮੁਕਾਬਲਾ ਕਰ ਰਿਹਾ ਹੈ ਜੋ ਅਕਾਲੀ ਦਲ ਨੂੰ ਪਿੱਛੇ ਕਰਕੇ ਕਿਸੇ ਵੀ ਤਰੀਕੇ ਸੱਤਾ ਹਾਸਿਲ ਕਰਨਾ ਚਾਹੰੁਦੀਆਂ ਹਨ | ਉਨ੍ਹਾਂ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਖ਼ਿਲਾਫ਼ ਲਿਆਂਦੇ ਬਿੱਲ ਖ਼ਿਲਾਫ਼ ਆਪਣਾ ਵੋਟ ਪਾਇਆ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣਾ ਕੇਂਦਰੀ ਮੰਤਰੀ ਦਾ ਅਹੁਦਾ ਛੱਡਿਆ ਅਤੇ ਉਨ੍ਹਾਂ ਨੇ ਖ਼ੁਦ ਆਪਣਾ ਸਨਮਾਨ ਵਾਪਸ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੇ ਕਿਸਾਨਾਂ ਲਈ ਕੋਈ ਬਿੱਲ ਬਣਾਉਣਾ ਹੋਵੇ ਜਾਂ ਲੋਕਾਂ ਲਈ ਕੋਈ ਨੀਤੀ ਤਿਆਰ ਕਰਨੀ ਹੋਵੇ ਲੋਕ ਰਾਇ ਲੈਣੀ ਬੜੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਭਰੋਸੇ ਤਿੰਨ ਸਰਕਾਰਾਂ ਨਾਲ ਲੜ ਰਹੇ ਹਾਂ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ |

                                       …………………..…………………………Chief Editor Jasdeep Singh