Punjab Junction Newspaper | 24 January 2022
ਨਵੀਂ ਦਿੱਲੀ, -ਗਣਤੰਤਰ ਦਿਵਸ 2022 ਪਰੇਡ ਦੀ ਫੁੱਲ ਡਰੈੱਸ ਰਿਹਰਸਲ ਅੱਜ ਸਵੇਰੇ ਹੋਈ, ਜੋ ਕਿ ਵਿਜੈ ਚੌਕ ਤੋਂ ਸ਼ੁਰੂ ਹੋ ਕੇ ਨੈਸ਼ਨਲ ਸਟੇਡੀਅਮ ਤੱਕ 3.3 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪੁੱਜੀ। ਗਣਤੰਤਰ ਦਿਵਸ ਮੌਕੇ ਪੰਜਾਬ ਵਲੋਂ ਪੇਸ਼ ਕੀਤੀ ਜਾ ਰਹੀ ਝਾਕੀ ‘ਚ ਕਰਤਾਰਪੁਰ (ਜਲੰਧਰ) ਵਿਖੇ ਬਣਾਈ ਗਈ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਡਲ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿਚ ਮੂਹਰੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਬਣਾਏ ਗਏ ਹਨ। ਅੱਜ ਫੁੱਲ ਡਰੈੱਸ ਰਿਹਰਸਲ ਦੌਰਾਨ ਝਾਕੀ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਰਾਜਪਥ ਤੋਂ ਵਿਜੈ ਚੌਕ ਤੋਂ ਇੰਡੀਆ ਗੇਟ ਤੱਕ ਟਰੈਫਿਕ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ। ਇਸ ਦੇ ਪ੍ਰਤੀ ਦਿੱਲੀ ਟਰੈਫਿਕ ਪੁਲਿਸ ਨੇ ਅਗਾਊਂ ਹੀ ਲੋਕਾਂ ਨੂੰ ਸੂਚਿਤ ਕਰ ਦਿੱਤਾ ਸੀ। ਇਸ ਦੌਰਾਨ ਮੈਟਰੋ ਰੇਲ ਦੇ ਨਾਲ ਬੱਸਾਂ ਦੀ ਆਵਾਜਾਈ ਪੂਰਨ ਤੌਰ ‘ਤੇ ਬੰਦ ਰਹੀ ਅਤੇ ਕਈ ਬੱਸਾਂ ਦੇ ਰੂਟ ਵਿਚ ਤਬਦੀਲੀ ਵੀ ਕੀਤੀ ਗਈ। ਇਸ ਰਿਹਰਸਲ ਵਿਚ ਹੈਲੀਕਾਪਟਰਾਂ ਨੇ ਵੀ ਆਪਣੀ ਝਲਕ ਵਿਖਾਈ। ਸਪੈਸ਼ਲ ਫੋਰਸਸ ਦੇ ਜਵਾਨਾਂ ਪੂਰੀ ਵਰਦੀ ਵਿਚ ਰਾਜਪਥ ‘ਤੇ ਕਦਮਤਾਲ ਕਰਦੇ ਹੋਏ ਵਿਖਾਈ ਦਿੱਤੇ। ਇਸ ਵਿਚ ਵੱਖ-ਵੱਖ ਰਾਜਾਂ ਦੀਆਂ ਰੰਗ-ਬਰੰਗੀਆਂ ਝਾਕੀਆਂ ਨੇ ਆਪੋ-ਆਪਣੇ ਰਾਜ ਦੇ ਵਿਕਾਸ ਨੂੰ ਬਹੁਤ ਸੋਹਣੀ ਤਰ੍ਹਾਂ ਉਜਾਗਰ ਕੀਤਾ ਅਤੇ ਇਨ੍ਹਾਂ ਵਿਚ ਸ਼ਾਮਿਲ ਕਲਾਕਾਰਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਚਿੰਨ੍ਹ ਵਿਖਾਈ ਦੇ ਰਹੇ ਸਨ। ਇਸ ਰਿਹਰਸਲ ਵਿਚ ਭਾਰਤੀ ਸੈਨਾ ਨੇ ਫੁੱਲ ਡਰੈੱਸ ਵਿਚ ਆਪਣੀ ਤਾਕਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਟੈਂਕਾਂ, ਮਿਜ਼ਾਈਲਾਂ ਤੇ ਡਿਫੈਂਸ ਸਿਸਟਮ ਦਾ ਵੀ ਦਿਖਾਵਾ ਕੀਤਾ। ਭਾਰਤੀ ਹਵਾਈ ਸੈਨਾ ਦੀ ਟੁਕੜੀ ਵੀ ਪੂਰੀ ਤਰ੍ਹਾਂ ਨਾਲ ਤਿਆਰ ਦਿਖਾਈ ਦਿੱਤੀ। ਸਾਰਾ ਰਾਜਪਥ ਮਾਰਗ ਪੂਰੀ ਤਰ੍ਹਾਂ ਨਾਲ ਵੱਖ-ਵੱਖ ਰੰਗਾਂ ਵਿਚ ਰੰਗਿਆ ਹੋਇਆ ਸੀ। ਰਿਹਰਸਲ ਦੌਰਾਨ ਰਾਜਪਥ ਦੇ ਆਸ-ਪਾਸ ਹਰ ਪਾਸੇ ਪੂਰੀ ਤਰ੍ਹਾਂ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਟਰੈਫਿਕ ਪੁਲਿਸ ਨੇ ਹਰ ਤਰ੍ਹਾਂ ਨਾਲ ਸਖ਼ਤ ਪ੍ਰਬੰਧ ਕੀਤੇ ਸਨ ਅਤੇ ਦਿੱਲੀ ਦੇ ਬਾਰਡਰਾਂ ‘ਤੇ ਰਿਹਰਸਲ ਦੌਰਾਨ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ।